ਪਰਵਿੰਦਰ ਝੋਟਾ ਕਤਲ ਕੇਸ: PGI ਚੰਡੀਗੜ੍ਹ ਵਿੱਚ ਹੋਵੇਗਾ ਪੋਸਟਮਾਰਟਮ, CBI ਨੇ ਜਾਂਚ ਕੀਤੀ ਤੇਜ਼
ਮਰਹੂਮ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਪੀਜੀਆਈ ਚੰਡੀਗੜ੍ਹ ਵਿਖੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇਸ ਕੇਸ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਸੀ.ਬੀ.ਆਈ. ਦੀ ਟੀਮ ਦੀ ਅਗਵਾਈ ਸੀਨੀਅਰ ਡੀ.ਆਈ.ਜੀ. ਕਰ ਰਹੇ ਹਨ।
ਬੁੱਧਵਾਰ ਨੂੰ ਸੀ.ਬੀ.ਆਈ. ਦੀ ਟੀਮ ਨੇ ਮ੍ਰਿਤਕ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਬਿਆਨ ਲਏ। ਜਾਂਚ ਵਿੱਚ ਫੋਰੈਂਸਿਕ ਮਾਹਿਰਾਂ, ਡਰੱਗ ਕੰਟਰੋਲਰਾਂ ਅਤੇ ਹੋਰ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਮਾਹਿਰ ਘਟਨਾਕ੍ਰਮ ਨਾਲ ਜੁੜੇ ਸਬੂਤਾਂ ਦੀ ਜਾਂਚ ਕਰਨਗੇ, ਤਾਂ ਜੋ ਹੱਤਿਆ ਨਾਲ ਸਬੰਧਤ ਮਹੱਤਵਪੂਰਨ ਤੱਥਾਂ ਦਾ ਪਤਾ ਲਗਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪਰਿਵਾਰ ਦੀ ਮੰਗ ਮੰਨਦਿਆਂ ਇਹ ਮਾਮਲਾ ਸੀਬੀਆਈ ਨੂੰ ਸੌਂਪਣ ਦਾ ਐਲਾਨ ਕੀਤਾ ਸੀ। ਉਸੇ ਦੁਪਹਿਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮਾਨਸਾ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਕੁਝ ਘੰਟਿਆਂ ਬਾਅਦ ਹੀ ਪੰਜ ਮੈਂਬਰੀ ਸੀਬੀਆਈ ਟੀਮ ਮਾਨਸਾ ਪੁੱਜ ਗਈ ਸੀ।
ਪੀ.ਜੀ.ਆਈ. ਚੰਡੀਗੜ੍ਹ ਵਿੱਚ ਮਾਹਿਰ ਡਾਕਟਰ ਕਰਨਗੇ ਪੋਸਟਮਾਰਟਮ
ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਚੰਡੀਗੜ੍ਹ ਸਥਿਤ ਪੀ.ਜੀ.ਆਈ. ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ। ਚੰਡੀਗੜ੍ਹ ਵਿੱਚ ਮਜਿਸਟ੍ਰੇਟ ਦੀ ਨਿਗਰਾਨੀ ਹੇਠ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। 13 ਅਕਤੂਬਰ ਨੂੰ ਝੋਟਾ ਦੀ ਹੱਤਿਆ ਹੋਈ ਸੀ ਅਤੇ ਉਦੋਂ ਤੋਂ ਉਸਦੇ ਪਰਿਵਾਰ ਨੇ ਉਸਦਾ ਸਸਕਾਰ ਨਹੀਂ ਕੀਤਾ। ਮੈਂਬਰ ਉਸਨੂੰ ਇਨਸਾਫ਼ ਦਿਵਾਉਣ ਦੀ ਮੰਗ 'ਤੇ ਅੜੇ ਸਨ, ਇਸ ਲਈ ਉਨ੍ਹਾਂ ਨੇ ਹੁਣ ਤੱਕ ਉਸਦੀ ਲਾਸ਼ ਦਾ ਸਸਕਾਰ ਨਹੀਂ ਕੀਤਾ। ਹਾਲਾਂਕਿ ਹੁਣ ਸੀ.ਬੀ.ਆਈ. ਜਾਂਚ ਸ਼ੁਰੂ ਹੋਣ ਤੋਂ ਬਾਅਦ ਜਲਦੀ ਹੀ ਝੋਟਾ ਦਾ ਸਸਕਾਰ ਕਰ ਦਿੱਤਾ ਜਾਵੇਗਾ।
ਦਿਨ-ਦਿਹਾੜੇ ਦੁਕਾਨਦਾਰ ਨੇ ਮਾਰੀ ਸੀ ਗੋਲੀ
ਪਰਵਿੰਦਰ ਸਿੰਘ ਝੋਟਾ ਅਕਸਰ ਨਸ਼ੇ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਸਨ। 13 ਅਕਤੂਬਰ ਨੂੰ ਵੀ ਕਥਿਤ ਨਸ਼ੇ ਦੀ ਵਿਕਰੀ ਦੇ ਖ਼ਿਲਾਫ਼ ਉਹ ਇੱਕ ਮੈਡੀਕਲ ਸਟੋਰ 'ਤੇ ਪਹੁੰਚੇ। ਇਸ ਦੌਰਾਨ ਦੁਕਾਨਦਾਰ ਅਸ਼ਵਨੀ ਸ਼ਰਮਾ ਨੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਅਸ਼ਵਨੀ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।


Click it and Unblock the Notifications
