PRTC ਦੇ ਬੇੜੇ 'ਚ ਸ਼ਾਮਿਲ ਹੋਈਆਂ 100 ਨਵੀਆਂ ਮਿੰਨੀ ਬੱਸਾਂ, CM ਮਾਨ ਨੇ ਹਰਿ ਝੰਡੀ ਦਿਖਾ ਕੇ ਕੀਤਾ ਰਵਾਨਾ
ਪੰਜਾਬ ਸਰਕਾਰ ਨੇ ਸੂਬੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਆਵਾਜਾਈ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕਿਆ ਹੈ। ਮੁੱਖ ਮੰਤਰੀ ਨੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਮੁੱਖ ਦਫ਼ਤਰ ਤੋਂ 100 ਨਵੀਆਂ ਮਿੰਨੀ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਤੰਗ ਅਤੇ ਅੰਦਰੂਨੀ ਰੂਟਾਂ 'ਤੇ ਚੱਲਣਗੀਆਂ ਬੱਸਾਂ
ਇਹ ਬੱਸਾਂ ਸੂਬੇ ਦੇ ਆਮ ਲੋਕਾਂ, ਖ਼ਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਸੁਚੱਜੀ ਅਤੇ ਸਸਤੀ ਆਵਾਜਾਈ ਮੁਹੱਈਆ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਉਣਗੀਆਂ। ਇਨ੍ਹਾਂ ਨਵੀਆਂ ਸ਼ਾਮਲ ਕੀਤੀਆਂ ਗਈਆਂ ਬੱਸਾਂ ਵਿੱਚ 29 ਸਵਾਰੀਆਂ ਦੇ ਬੈਠਣ ਦੀ ਸਮਰੱਥਾ ਹੈ। ਇਹ ਬੱਸਾਂ ਪੀ.ਆਰ.ਟੀ.ਸੀ. ਦੇ 9 ਵੱਖ-ਵੱਖ ਡਿਪੂਆਂ ਅਧੀਨ ਚਲਾਈਆਂ ਜਾਣਗੀਆਂ, ਜਿਸ ਨਾਲ ਉਨ੍ਹਾਂ ਤੰਗ ਅਤੇ ਅੰਦਰੂਨੀ ਰੂਟਾਂ 'ਤੇ ਸੰਪਰਕ ਬਿਹਤਰ ਹੋਵੇਗਾ ਜਿੱਥੇ ਵੱਡੀਆਂ ਬੱਸਾਂ ਦਾ ਜਾਣਾ ਮੁਸ਼ਕਿਲ ਸੀ।

CM ਮਾਨ ਨੇ 15 ਮੁਲਾਜ਼ਮਾਂ ਨੂੰ ਵੰਡੇ ਨਿਯੁਕਤੀ ਪੱਤਰ
ਇਸ ਪਹਿਲਕਦਮੀ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਆਮ ਨਾਗਰਿਕਾਂ ਨੂੰ ਭਾਰੀ ਰਾਹਤ ਮਿਲੇਗੀ। ਇਸ ਮੌਕੇ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਵਿਭਾਗ ਦੇ 15 ਨਵੇਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਉਨ੍ਹਾਂ ਕਿਹਾ ਕਿ ਸਰਕਾਰ ਸਰਕਾਰੀ ਟਰਾਂਸਪੋਰਟ ਪ੍ਰਣਾਲੀ ਨੂੰ ਪੈਰਾਂ 'ਤੇ ਖੜ੍ਹਾ ਕਰਨ ਅਤੇ ਲੋਕਾਂ ਨੂੰ ਭਰੋਸੇਮੰਦ ਸੇਵਾਵਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।
ਅਗਲੇ ਮਹੀਨੇ 309 ਬੱਸਾਂ ਨੂੰ ਮਿਲੇਗੀ ਹਰੋ ਝੰਡੀ
ਨਵੀਂਆਂ ਬੱਸਾਂ ਦੇ ਆਉਣ ਨਾਲ ਜਿੱਥੇ ਪੀ.ਆਰ.ਟੀ.ਸੀ. ਦਾ ਬੇੜਾ ਹੋਰ ਮਜ਼ਬੂਤ ਹੋਇਆ ਹੈ, ਉੱਥੇ ਹੀ ਯਾਤਰੀਆਂ ਦਾ ਸਫ਼ਰ ਵੀ ਵਧੇਰੇ ਆਰਾਮਦਾਇਕ ਤੇ ਸੁਖਾਲਾ ਬਣੇਗਾ। ਅਗਲੇ ਮਹੀਨੇ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 309 ਹੋਰ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਨਵੀਆਂ ਬੱਸਾਂ ਦੇ ਸ਼ਾਮਲ ਹੋਣ ਨਾਲ ਪੀ.ਆਰ.ਟੀ.ਸੀ. ਦੀ ਆਵਾਜਾਈ ਸਮਰੱਥਾ ਵਿੱਚ ਵਾਧਾ ਹੋਵੇਗਾ, ਜਦਕਿ ਨਵੇਂ ਮੁਲਾਜ਼ਮਾਂ ਦੀ ਨਿਯੁਕਤੀ ਨਾਲ ਵਿਭਾਗ ਨੂੰ ਕਰਮਚਾਰੀਆਂ ਦੀਆਂ ਸੇਵਾਵਾਂ ਵੀ ਮਿਲਣਗੀਆਂ।


Click it and Unblock the Notifications
