2027 World Cup 'ਚ ਖੇਡਣ ਲਈ Virat ਅਤੇ Rohit ਨੂੰ ਪਾਸ ਕਰਨਾ ਹੋਵੇਗਾ ਪਰਫ਼ਾਰਮੈਂਸ ਅਤੇ ਫਿੱਟਨੈੱਸ ਟੈਸਟ - BCCI ਪ੍ਰਧਾਨ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਮਿਥੁਨ ਮਨਹਾਸ ਨੇ ਕਿਹਾ ਹੈ ਕਿ 2027 ਦੇ ਵਨਡੇ ਵਿਸ਼ਵ ਕੱਪ ਲਈ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਚੋਣ ਉਨ੍ਹਾਂ ਦੀ ਉਮਰ ਦੇ ਆਧਾਰ 'ਤੇ ਨਹੀਂ ਕੀਤੀ ਜਾਵੇਗੀ। ਟੀਮ ਵਿੱਚ ਜਗ੍ਹਾ ਬਣਾਉਣ ਲਈ ਦੋਵਾਂ ਖਿਡਾਰੀਆਂ ਦੀ ਫਿਟਨੈੱਸ ਅਤੇ ਮੈਦਾਨ 'ਤੇ ਪ੍ਰਦਰਸ਼ਨ ਸਭ ਤੋਂ ਅਹਿਮ ਹੋਵੇਗਾ।
ਇਹ ਵਿਸ਼ਵ ਕੱਪ ਅਕਤੂਬਰ-ਨਵੰਬਰ 2027 ਵਿੱਚ ਦੱਖਣੀ ਅਫ਼ਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਖੇਡਿਆ ਜਾਵੇਗਾ। ਮਿਥੁਨ ਮਨਹਾਸ ਨੇ ਭਾਰਤੀ ਟੀਮ ਦੇ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ। ਭਾਰਤ ਦਾ ਇਹ ਦੌਰਾ 22 ਅਕਤੂਬਰ ਤੋਂ ਸ਼ੁਰੂ ਹੋਵੇਗਾ, ਜਦਕਿ ਰੋਹਿਤ ਅਤੇ ਵਿਰਾਟ 4 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਪੰਜ ਵਨਡੇ ਮੈਚਾਂ ਦੀ ਲੜੀ ਵਿੱਚ ਖੇਡਦੇ ਨਜ਼ਰ ਆਉਣਗੇ।

ਦੋਵਾਂ ਬੱਲੇਬਾਜ਼ਾਂ ਨੂੰ ਲਗਾਤਾਰ ਦੌੜਾਂ ਬਣਾਉਣੀਆਂ ਪੈਣਗੀਆਂ
ਮਿਥੁਨ ਮਨਹਾਸ ਨੇ ਕਿਹਾ ਕਿ ਵਿਸ਼ਵ ਕੱਪ ਦੀ ਟੀਮ ਵਿੱਚ ਜਗ੍ਹਾ ਬਣਾਉਣ ਲਈ ਦੋਵਾਂ ਸੀਨੀਅਰ ਬੱਲੇਬਾਜ਼ਾਂ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਉਨ੍ਹਾਂ ਕਿਹਾ, "ਮੇਰਾ ਮੰਨਣਾ ਹੈ ਕਿ ਜੇਕਰ ਕੋਈ ਖਿਡਾਰੀ ਫਿਟ ਹੈ, ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਦੇਸ਼ ਨੂੰ ਜਿੱਤਾ ਰਿਹਾ ਹੈ, ਤਾਂ ਉਸ ਨੂੰ ਟੀਮ ਵਿੱਚ ਚੁਣਿਆ ਜਾਣਾ ਚਾਹੀਦਾ ਹੈ।" ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਭਾਰਤੀ ਟੀਮ ਦੇ ਤਜਰਬੇਕਾਰ ਬੱਲੇਬਾਜ਼ ਹਨ। ਦੋਵਾਂ ਤੋਂ ਆਉਣ ਵਾਲੇ ਸਮੇਂ ਵਿੱਚ ਵੀ ਵੱਡੀਆਂ ਪਾਰੀਆਂ ਖੇਡਣ ਦੀ ਉਮੀਦ ਕੀਤੀ ਜਾ ਰਹੀ ਹੈ।
ਜੇਕਰ ਗੱਲ ਕਰੀਏ 2027 ਦੇ ਵਿਸ਼ਵ ਕੱਪ ਦੀ ਤਾਂ ਉਦੋਂ ਰੋਹਿਤ ਸ਼ਰਮਾ ਦੀ ਉਮਰ 40 ਸਾਲ ਹੋਵੇਗੀ, ਜਦਕਿ ਵਿਰਾਟ ਕੋਹਲੀ 38 ਸਾਲ ਦੇ ਹੋਣਗੇ। ਦੋਵਾਂ ਖਿਡਾਰੀਆਂ ਦੀ ਉਮਰ ਅਤੇ ਭਾਰਤੀ ਕ੍ਰਿਕਟ ਵਿੱਚ ਆਉਣ ਵਾਲੇ ਬਦਲਾਅ ਨੂੰ ਲੈ ਕੇ ਸਾਬਕਾ ਕ੍ਰਿਕਟਰਾਂ ਅਤੇ ਪ੍ਰਸ਼ੰਸਕਾਂ ਵਿਚਕਾਰ ਚਰਚਾ ਤੇਜ ਹੋ ਗਈ ਹੈ।
ਸ਼ੁਭਮਨ ਗਿੱਲ ਨੂੰ ਸੀਨੀਅਰ ਖਿਡਾਰੀਆਂ ਤੋਂ ਮਿਲੇਗੀ ਮਦਦ
ਮਿਥੁਨ ਮਨਹਾਸ ਨੇ ਇਹ ਵੀ ਕਿਹਾ ਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਤਜਰਬੇਕਾਰ ਖਿਡਾਰੀਆਂ ਦੀ ਮੌਜੂਦਗੀ ਨਾਲ ਸ਼ੁਭਮਨ ਗਿੱਲ ਨੂੰ ਕਪਤਾਨੀ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ੁਭਮਨ ਗਿੱਲ ਪਿਛਲੇ ਦੋ-ਤਿੰਨ ਸਾਲਾਂ ਤੋਂ ਗੁਜਰਾਤ ਟਾਈਟਨਜ਼ ਦੀ ਕਪਤਾਨੀ ਕਰ ਰਹੇ ਹਨ ਅਤੇ ਭਾਰਤੀ ਟੀਮ ਦੀ ਅਗਵਾਈ ਵੀ ਕਰ ਰਹੇ ਹਨ। ਉਨ੍ਹਾਂ ਮੁਤਾਬਕ, ਕਪਤਾਨੀ ਦਾ ਇਹ ਤਜਰਬਾ 2027 ਦੇ ਵਿਸ਼ਵ ਕੱਪ ਵਿੱਚ ਉਨ੍ਹਾਂ ਦੇ ਕੰਮ ਆਵੇਗਾ।
ਹੁਣ ਸਭ ਦੀਆਂ ਨਜ਼ਰਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਆਉਣ ਵਾਲੇ ਪ੍ਰਦਰਸ਼ਨ 'ਤੇ ਹੋਣਗੀਆਂ, ਕਿਉਂਕਿ 2027 ਵਿਸ਼ਵ ਕੱਪ ਲਈ ਟੀਮ ਵਿੱਚ ਜਗ੍ਹਾ ਬਣਾਉਣ ਵਾਸਤੇ ਉਨ੍ਹਾਂ ਦੀ ਫਿਟਨੈੱਸ ਅਤੇ ਲਗਾਤਾਰ ਚੰਗਾ ਖੇਡਣਾ ਅਹਿਮ ਰਹੇਗਾ।


Click it and Unblock the Notifications
