ਪੰਜਾਬ ਵਿੱਚ ਹਾਕੀ ਦਾ ਮਹਾਕੁੰਭ, 6 ਏਸ਼ਿਆਈ ਟੀਮਾਂ ਲੈਣਗੀਆਂ ਹਿੱਸਾ; ਦਰਸ਼ਕਾਂ ਲਈ ਐਂਟਰੀ ਹੋਵੇਗੀ ਮੁਫ਼ਤ
ਪੰਜਾਬ ਵਿੱਚ ਪਹਿਲੀ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਕਰਵਾਈ ਜਾ ਰਹੀ ਹੈ, ਜੋ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ। ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿੱਜੀ ਯਤਨਾਂ ਸਦਕਾ ਪੰਜਾਬ ਨੂੰ ਇਸ ਵੱਕਾਰੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ।
ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਮੇਅਰ ਸਰਬਜੀਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੇ ਲੀਗ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਵਿੱਚ ਖੇਡੇ ਜਾਣਗੇ। ਇਸ ਤੋਂ ਬਾਅਦ ਸੈਮੀਫਾਈਨਲ, ਫਾਈਨਲ ਅਤੇ ਤੀਜੇ ਸਥਾਨ ਲਈ ਮੁਕਾਬਲੇ 4 ਅਤੇ 5 ਨਵੰਬਰ ਨੂੰ ਮੋਹਾਲੀ ਵਿੱਚ ਕਰਵਾਏ ਜਾਣਗੇ। ਇਸ ਵੱਕਾਰੀ ਟੂਰਨਾਮੈਂਟ ਵਿੱਚ ਏਸ਼ੀਆ ਦੀਆਂ ਛੇ ਪ੍ਰਮੁੱਖ ਟੀਮਾਂ ਭਾਰਤ, ਬੰਗਲਾਦੇਸ਼, ਜਾਪਾਨ, ਚੀਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਮੁਕਾਬਲਿਆਂ ਨਾਲ ਅੰਤਰਰਾਸ਼ਟਰੀ ਖੇਡ ਨਕਸ਼ੇ 'ਤੇ ਪੰਜਾਬ ਦੀ ਪਛਾਣ ਹੋਰ ਮਜ਼ਬੂਤ ਹੋਵੇਗੀ।

ਖੇਡ ਸਟੇਡੀਅਮਾਂ ਲਈ ਲਗਭਗ 25 ਕਰੋੜ ਰੁਪਏ ਦਾ ਬਜਟ
ਮੇਅਰ ਸਰਬਜੀਤ ਸਿੰਘ ਨੇ ਦੱਸਿਆ ਕਿ ਖੇਡ ਸਟੇਡੀਅਮਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮਾਪਦੰਡਾਂ ਅਨੁਸਾਰ ਤਿਆਰ ਕਰਨ ਲਈ ਸਰਕਾਰ ਵੱਲੋਂ ਲਗਭਗ 25 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਵਿੱਚੋਂ ਜਲੰਧਰ ਦੇ ਸਟੇਡੀਅਮਾਂ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ ਲਈ 16 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਦਕਿ ਮੋਹਾਲੀ ਦੇ ਸਟੇਡੀਅਮਾਂ ਲਈ ਲਗਭਗ 8.90 ਕਰੋੜ ਰੁਪਏ ਖਰਚੇ ਜਾ ਰਹੇ ਹਨ।
'ਖੇਡ ਕ੍ਰਾਂਤੀ' ਤਹਿਤ 40 ਹਜ਼ਾਰ ਖਿਡਾਰੀਆਂ ਨੂੰ ਮਿਲੇ ਇਨਾਮ
ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ 'ਖੇਡ ਕ੍ਰਾਂਤੀ' ਦੇ ਹੁਣ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਮੁਤਾਬਕ, ਸੂਬਾ ਸਰਕਾਰ ਵੱਲੋਂ ਹੁਣ ਤੱਕ ਲਗਭਗ 40 ਹਜ਼ਾਰ ਖਿਡਾਰੀਆਂ ਨੂੰ ਕਰੀਬ 135 ਕਰੋੜ ਰੁਪਏ ਦੇ ਨਕਦ ਇਨਾਮ ਵੰਡੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਨਵੇਂ ਸਟੇਡੀਅਮ ਵੀ ਬਣਾਏ ਜਾ ਰਹੇ ਹਨ। ਇਕੱਲੇ ਮੋਹਾਲੀ ਵਿੱਚ ਲਗਭਗ 32 ਸਟੇਡੀਅਮਾਂ ਦੀ ਉਸਾਰੀ ਚੱਲ ਰਹੀ ਹੈ। ਇਨ੍ਹਾਂ ਸਹੂਲਤਾਂ ਨਾਲ ਸਥਾਨਕ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਅਤੇ ਆਪਣੀ ਪ੍ਰਤਿਭਾ ਨਿਖਾਰਨ ਦੇ ਵਧੇਰੇ ਮੌਕੇ ਮਿਲਣਗੇ।
ਦਰਸ਼ਕਾਂ ਲਈ ਸਟੇਡੀਅਮਾਂ ਵਿੱਚ ਐਂਟਰੀ ਮੁਫ਼ਤ
ਸਰਬਜੀਤ ਸਿੰਘ ਨੇ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨਾ ਸਿਰਫ਼ ਸਰਕਾਰ ਦੀ ਹੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਸਟੇਡੀਅਮਾਂ ਵਿੱਚ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ। ਉਨ੍ਹਾਂ ਦੱਸਿਆ ਕਿ ਪੂਰੇ ਟੂਰਨਾਮੈਂਟ ਦੌਰਾਨ ਦਰਸ਼ਕਾਂ ਲਈ ਸਟੇਡੀਅਮਾਂ ਵਿੱਚ ਦਾਖ਼ਲਾ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ।
ਮੇਅਰ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਵਚਨਬੱਧ ਹੈ


Click it and Unblock the Notifications
