ਕਰਵਾ ਚੌਥ ਵਾਲੇ ਦਿਨ ਪੰਜਾਬ 'ਚ ਪਏਗਾ ਮੀਂਹ! ਹਨ੍ਹੇਰੀ-ਤੂਫ਼ਾਨ ਦਾ ਯੈਲੋ ਅਲਰਟ ਵੀ ਜਾਰੀ, ਜਾਣੋ ਤਾਜ਼ਾ ਅਪਡੇਟ
ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੀਂਹ ਪਏਗਾ, ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਆਉਣ ਵਾਲੇ ਦਿਨਾਂ ਦੌਰਾਨ ਪੰਜਾਬ 'ਚ ਦੋ ਦਿਨ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਦੇ ਜ਼ਿਲ੍ਹਾਵਾਰ ਬਾਰਿਸ਼ ਦੇ ਅਨੁਮਾਨ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ। ਆਉਂਦੇ ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਮੌਸਮ ਮੁੱਖ ਤੌਰ 'ਤੇ ਖ਼ੁਸ਼ਕ ਰਹਿਣ ਦੀ ਉਮੀਦ ਹੈ।

29 ਅਤੇ 30 ਅਕਤੂਬਰ ਨੂੰ ਪਏਗਾ ਮੀਂਹ :
ਮੌਸਮ ਵਿਭਾਗ ਮੁਤਾਬਕ 28 ਤੱਕ ਮੌਸਮ ਖ਼ੁਸ਼ਕ ਰਹੇਗਾ ਅਤੇ 29 ਤਾਰੀਖ਼ ਨੂੰ ਮੌਸਮ ਵਿਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ। 29 ਅਕਤੂਬਰ ਨੂੰ ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ, ਲੁਧਿਆਣਾ, ਜਲੰਧਰ, ਕਪੂਰਥਲਾ, ਤਰਨਤਾਰਨ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਹਨ੍ਹੇਰੀ-ਤੂਫ਼ਾਨ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਉਥੇ ਹੀ 30 ਅਕਤੂਬਰ ਨੂੰ ਵੀ ਕੁਝ ਥਾਵਾਂ 'ਤੇ ਬਾਰਿਸ਼ ਹੋਣ ਦੀ ਉਮੀਦ ਹੈ, ਜਦਕਿ ਬਾਕੀ ਪੰਜਾਬ 'ਚ ਮੌਸਮ ਖ਼ੁਸ਼ਕ ਰਹੇਗਾ। ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਵਿਚ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਹਨ੍ਹੇਰੀ-ਤੂਫ਼ਾਨ ਆਉਣ ਦੀ ਸੰਭਾਵਨਾ ਜਤਾਈ ਗਈ ਹੈ। 30 ਤਾਰੀਖ਼ ਤੋਂ ਬਾਅਦ ਮੌਸਮ ਫਿਰ ਖ਼ੁਸ਼ਕ ਹੋ ਜਾਵੇਗਾ।
ਪੱਛਮੀ ਗੜਬੜੀ ਹੋਵੇਗੀ ਸਰਗਰਮ
ਉੱਤਰੀ ਹਰਿਆਣਾ ਦੇ ਉੱਪਰ ਬਣੀ ਪੱਛਮੀ ਗੜਬੜੀ ਚੱਕਰਵਾਤੀ ਹਵਾ ਦੇ ਚੱਕਰ ਦੇ ਰੂਪ ਵਿੱਚ ਸਰਗਰਮ ਹੈ। ਇਹ ਸਮੁੰਦਰ ਤਲ ਤੋਂ 3.1 ਤੋਂ 4.5 ਕਿਲੋਮੀਟਰ ਦੀ ਉਚਾਈ 'ਤੇ ਮੌਜੂਦ ਹੈ। ਉੱਥੇ ਹੀ, 27 ਅਕਤੂਬਰ ਦੀ ਰਾਤ ਤੋਂ ਇੱਕ ਨਵੀਂ ਪੱਛਮੀ ਗੜਬੜੀ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਦੇ ਪ੍ਰਭਾਵ ਕਾਰਨ ਪੰਜਾਬ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਜਤਾਈ ਗਈ ਹੈ।


Click it and Unblock the Notifications
