ਕੈਪਟਨ ਸਮਿਤ ਮੱਛਰ ਨੂੰ UAE ਨੇ ਦਿੱਤਾ ਜ਼ਾਇਦ II ਸਨਮਾਨ, ਦੁਬਈ ਕਰਾਊਨ ਪ੍ਰਿੰਸ ਨੇ ਲਿਖਿਆ-ਕੈਪਟਨ ਸਮਿਤ UAE ਦੀ ਪਛਾਣ ਦਾ ਹਿੱਸਾ
ਸੰਯੁਕਤ ਅਰਬ ਅਮੀਰਾਤ (UAE) ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਰ ਨੂੰ ਮੰਗਲਵਾਰ ਨੂੰ 'ਜ਼ਾਇਦ II - ਫਸਟ ਕਲਾਸ' ਸਨਮਾਨ ਨਾਲ ਨਿਵਾਜਿਆ। ਇਸ ਮੌਕੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਕੈਪਟਨ ਮੱਛਰ ਨੂੰ ਗਲੇ ਲਗਾ ਗਲ਼ ਲਾ ਕੇ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਕੀਤੀ।
ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਨੇ ਸਮਿਤ ਨੂੰ ਆਪਣੇ ਦੇਸ਼ ਦੀ ਪਛਾਣ ਦੱਸਿਆ। ਜ਼ਾਇਦ II UAE ਦੇ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ ਹੈ। ਰਾਸ਼ਟਰਪਤੀ ਬਿਨ ਜ਼ਾਇਦ ਨੇ ਉਡਾਣ ਦੇ ਹੋਰ ਚਾਲਕ ਦਲ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ UAE ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਵੀ ਮੌਜੂਦ ਸਨ।

''ਕੈਪਟਨ ਸਮਿਤ UAE ਦੀ ਪਛਾਣ ਦਾ ਹਿੱਸਾ ਹਨ'' - ਦੁਬਈ ਕ੍ਰਾਊਨ ਪ੍ਰਿੰਸ
UAE ਦੇ ਆਗੂਆਂ ਨੇ ਕੈਪਟਨ ਮੱਛਰ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਹਿੰਮਤ ਅਤੇ ਜ਼ਿੰਮੇਵਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁਸ਼ਕਲ ਹਾਲਾਤ ਵਿੱਚ ਵੀ ਚਾਲਕ ਦਲ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, "ਕੈਪਟਨ ਸਮਿਤ ਮੱਛਰ ਨੇ ਹਿੰਮਤ, ਜ਼ਿੰਮੇਵਾਰੀ ਅਤੇ ਮਨੁੱਖੀ ਜਾਨਾਂ ਦੀ ਪਰਵਾਹ ਕਰਨ ਦੀ ਮਿਸਾਲ ਪੇਸ਼ ਕੀਤੀ ਹੈ। ਸਾਨੂੰ ਮਾਣ ਹੈ ਕਿ ਉਹ ਸਾਡੀ ਟੀਮ ਦਾ ਹਿੱਸਾ ਹਨ, ਸਾਡੇ ਦੇਸ਼ ਦੀ ਕਹਾਣੀ ਦਾ ਹਿੱਸਾ ਹਨ ਅਤੇ UAE ਦੀ ਪਛਾਣ ਦਾ ਹਿੱਸਾ ਹਨ।"
ਹਸਪਤਾਲ 'ਚ ਵੀ ਕੈਪਟਨ ਨੂੰ ਮਿਲਣ ਪਹੁੰਚੇ ਸਨ ਦੁਬਈ ਦੇ ਕ੍ਰਾਊਨ ਪ੍ਰਿੰਸ
ਕੈਪਟਨ ਮੱਛਰ ਜਦੋਂ ਆਪਣੀਆਂ ਸੱਟਾਂ ਦਾ ਇਲਾਜ ਕਰਵਾ ਰਹੇ ਸਨ, ਉਸ ਸਮੇਂ ਵੀ ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਉਨ੍ਹਾਂ ਨੇ ਕੈਪਟਨ ਦੀ ਹਿੰਮਤ ਅਤੇ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਸੀ।
ਸਹਿ-ਪਾਇਲਟ ਨੇ ਐਮਰਜੈਂਸੀ ਕੁਹਾੜੀ ਨਾਲ ਕੀਤਾ ਸੀ ਹਮਲਾ
30 ਸਤੰਬਰ ਨੂੰ ਫਲਾਈਦੁਬਈ ਦੀ ਉਡਾਣ FZ1073 ਦੁਬਈ ਤੋਂ ਤੇਲ ਅਵੀਵ ਜਾ ਰਹੀ ਸੀ। ਇਸੇ ਦੌਰਾਨ ਜਹਾਜ਼ ਦੇ ਸਹਿ-ਪਾਇਲਟ ਹਮਾਮ ਅਲ-ਹਮਾਮੀ ਨੇ ਕਾਕਪਿਟ ਵਿੱਚ ਕੈਪਟਨ ਸਮਿਤ ਮੱਛਰ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕੈਪਟਨ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੇ ਦੱਸਿਆ ਸੀ ਕਿ ਸਹਿ-ਪਾਇਲਟ ਨੇ ਉਨ੍ਹਾਂ ਦੇ ਸਿਰ 'ਤੇ ਕਈ ਵਾਰ ਕੀਤੇ।
ਰਿਪੋਰਟਾਂ ਮੁਤਾਬਕ, ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਦੌਰਾਨ ਸਹਿ-ਪਾਇਲਟ ਨੇ ਕਾਕਪਿਟ ਵਿੱਚ ਮੌਜੂਦ ਐਮਰਜੈਂਸੀ ਕੁਹਾੜੀ ਨਾਲ ਕੈਪਟਨ 'ਤੇ ਹਮਲਾ ਕੀਤਾ ਸੀ। ਇਸ ਦੌਰਾਨ ਕੈਪਟਨ ਮੱਛਰ ਨੇ ਜਹਾਜ਼ ਨੂੰ ਹਾਈਜੈਕ ਕੀਤੇ ਜਾਣ ਦਾ ਸੰਕੇਤ ਵੀ ਭੇਜਿਆ ਸੀ।
ਹਮਲੇ ਦੌਰਾਨ ਕੈਪਟਨ ਸਮਿਤ ਮੱਛਰ ਨੇ ਕਿਸੇ ਤਰ੍ਹਾਂ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ। ਇਸ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੇ ਅੰਦਰ ਪਹੁੰਚ ਕੇ ਹਮਲਾਵਰ ਨੂੰ ਕਾਬੂ ਕਰ ਲਿਆ। ਹਮਲੇ ਦੌਰਾਨ ਜਹਾਜ਼ ਲਗਭਗ 17 ਹਜ਼ਾਰ ਫੁੱਟ ਹੇਠਾਂ ਆ ਗਿਆ ਸੀ। ਇਸ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਡਿਊਟੀ ਤੋਂ ਬਾਹਰ ਹੋਰ ਪਾਇਲਟਾਂ ਨੇ ਉਡਾਣ ਦਾ ਰਸਤਾ ਬਦਲਿਆ ਅਤੇ ਸਾਊਦੀ ਅਰਬ ਦੇ ਤਾਬੁਕ ਸ਼ਹਿਰ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਸੀ ।


Click it and Unblock the Notifications
