ਗੁਰਦੁਆਰਾ ਮੰਜੀ ਸਾਹਿਬ 'ਤੇ ਫ਼ਾਇਰਿੰਗ, ਮੱਥਾ ਟੇਕ ਕੇ ਬਾਹਰ ਨਿਕਲੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਜਾਂਚ ਵਿੱਚ ਜੁਟੀ ਪੁਲਿਸ
ਲੁਧਿਆਣਾ ਦੇ ਜਗਰਾਓਂ ਵਿੱਚ ਬੁੱਧਵਾਰ ਤੜਕੇ ਕਰੀਬ 3 ਵਜੇ ਗੁਰਦੁਆਰਾ ਮੰਜੀ ਸਾਹਿਬ (ਰਾਜੋਵਾਲ ਕਲਾਂ) ਵਿੱਚ ਦੋ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਮੁਲਜ਼ਮ ਪਲੈਟੀਨਾ ਮੋਟਰਸਾਈਕਲ 'ਤੇ ਆਏ ਸਨ ਅਤੇ ਉਨ੍ਹਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਲੁਕਾਈ ਹੋਈ ਸੀ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਫ਼ਰਾਰ ਹੋ ਗਏ।
ਵਾਰਦਾਤ ਨੂੰ ਅੰਜਾਮ ਦੇਣ ਆਏ 2 ਬਦਮਾਸ਼ਾਂ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ, ਮੱਥਾ ਟੇਕਿਆ ਅਤੇ ਨਿਸ਼ਾਨ ਸਾਹਿਬ ਦੀ ਪਰਿਕਰਮਾ ਕੀਤੀ। ਇਸ ਤੋਂ ਬਾਅਦ ਉਹ ਬਾਹਰ ਆਇਆ ਅਤੇ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਬਲਦੇਵ ਸਿੰਘ ਦੇ ਕਮਰੇ 'ਤੇ ਗੋਲੀ ਚਲਾ ਦਿੱਤੀ। ਘਟਨਾ ਸਮੇਂ ਬਾਬਾ ਬਲਦੇਵ ਸਿੰਘ ਆਪਣੇ ਕਮਰੇ ਵਿੱਚ ਮੌਜੂਦ ਨਹੀਂ ਸਨ।

ਬਦਮਾਸ਼ਾਂ ਨੇ ਬਾਬਾ ਬਲਦੇਵ ਸਿੰਘ ਦੇ ਕਮਰੇ 'ਤੇ ਚਲਾਈ ਗੋਲੀ
ਮਿਲੀ ਜਾਣਕਾਰੀ ਅਨੁਸਾਰ, ਦੋ ਬਦਮਾਸ਼ ਤੜਕੇ ਕਰੀਬ 3 ਵਜੇ ਪਲੈਟੀਨਾ ਮੋਟਰਸਾਈਕਲ 'ਤੇ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਪਹੁੰਚੇ। ਮੋਟਰਸਾਈਕਲ ਦੀ ਨੰਬਰ ਪਲੇਟ ਲੁਕਾਈ ਹੋਈ ਸੀ। ਮੱਥਾ ਟੇਕਣ ਤੋਂ ਬਾਅਦ ਬਾਹਰ ਆ ਕੇ ਉਸਨੇ ਬਾਬਾ ਬਲਦੇਵ ਸਿੰਘ ਦੇ ਕਮਰੇ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀ ਚਲਾ ਦਿੱਤੀ। ਗੋਲੀਆਂ ਕਮਰੇ ਦੇ ਦਰਵਾਜ਼ੇ ਅਤੇ ਕੰਧ 'ਤੇ ਲੱਗੀਆਂ।
ਇੱਕ ਗੋਲੀ ਦਰਵਾਜ਼ੇ 'ਤੇ ਲੱਗੇ ਸ਼ੀਸ਼ੇ ਨੂੰ ਵਿੰਨ੍ਹਦੀ ਹੋਈ ਪਾਰ ਨਿਕਲ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਫ਼ਰਾਰ ਹੋ ਗਏ। ਡੀਐੱਸਪੀ ਕਰਨ ਸਿੰਘ ਨੇ ਦੱਸਿਆ ਕਿ ਬਾਬਾ ਬਲਦੇਵ ਸਿੰਘ ਮੰਗਲਵਾਰ ਅਤੇ ਬੁੱਧਵਾਰ ਨੂੰ ਸੰਗਤ ਨਾਲ ਮੁਲਾਕਾਤ ਕਰਨ ਲਈ ਬੈਠਦੇ ਹਨ। ਮੁਲਜ਼ਮਾਂ ਨੂੰ ਇਸ ਬਾਰੇ ਜਾਣਕਾਰੀ ਸੀ ,ਡੀਐੱਸਪੀ ਮੁਤਾਬਕ, ਇਸੇ ਜਾਣਕਾਰੀ ਦੇ ਆਧਾਰ 'ਤੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੁਧਾਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਸਬੂਤ ਇਕੱਠੇ ਕੀਤੇ। ਥਾਣਾ ਸੁਧਾਰ ਦੇ ਐੱਸਐੱਚਓ ਰਾਜਵਿੰਦਰਪਾਲ ਸਿੰਘ ਮੁਤਾਬਕ, ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਪਛਾਣ ਕਰਨ ਲਈ ਗੁਰਦੁਆਰਾ ਸਾਹਿਬ ਦੇ ਅਹਾਤੇ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Click it and Unblock the Notifications
