ਪੰਜਾਬ ਵਿੱਚ ਫਿਰ ਬਦਲ ਗਿਆ ਸਕੂਲਾਂ ਦਾ ਸਮਾਂ, 2 ਨਵੰਬਰ ਤੋਂ ਨਵੇਂ ਟਾਈਮ 'ਤੇ ਲੱਗਣਗੇ ਸਕੂਲ,ਪੜ੍ਹੋ ਪੂਰੀ ਖ਼ਬਰ
ਪੰਜਾਬ ਵਿੱਚ 2 ਨਵੰਬਰ ਤੋਂ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਹੋਣ ਜਾ ਰਹੀ ਹੈ। ਠੰਢ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਵਿਭਾਗ ਨੇ ਬੁੱਧਵਾਰ ਨੂੰ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਣ ਦਾ ਫ਼ੈਸਲਾ ਕੀਤਾ ਹੈ।
2 ਨਵੰਬਰ ਤੋਂ 9 ਬਜੇ ਲੱਗਣਗੇ ਸਕੂਲ
ਨਵੇਂ ਸ਼ਡਿਊਲ ਅਨੁਸਾਰ ਸਕੂਲ ਸਵੇਰੇ 9 ਵਜੇ ਸ਼ੁਰੂ ਹੋਣਗੇ। ਪ੍ਰਾਇਮਰੀ ਸਕੂਲ ਦੁਪਹਿਰ 3 ਵਜੇ ਤੱਕ ਲੱਗਣਗੇ, ਜਦਕਿ ਮਿਡਲ ਤੋਂ ਲੈ ਕੇ ਸੀਨੀਅਰ ਸੈਕੰਡਰੀ ਪੱਧਰ ਤੱਕ ਦੇ ਸਕੂਲ ਦੁਪਹਿਰ 3:20 ਵਜੇ ਤੱਕ ਚੱਲਣਗੇ। ਇਹ ਪ੍ਰਬੰਧ 28 ਫਰਵਰੀ ਤੱਕ ਲਾਗੂ ਰਹੇਗਾ। ਪੰਜਾਬ ਵਿੱਚ 19 ਹਜ਼ਾਰ ਤੋਂ ਵੱਧ ਸਕੂਲ ਹਨ ਅਤੇ ਇਹ ਹੁਕਮ ਇਨ੍ਹਾਂ ਸਾਰੇ ਸਕੂਲਾਂ 'ਤੇ ਲਾਗੂ ਹੋਣਗੇ। ਅਗਲੇ ਸਾਲ 1 ਮਾਰਚ ਤੋਂ ਸਕੂਲਾਂ ਦੇ ਸਮੇਂ ਵਿੱਚ ਮੁੜ ਤਬਦੀਲੀ ਕੀਤੀ ਜਾਵੇਗੀ।

ਚੰਡੀਗੜ੍ਹ ਵਿੱਚ ਵੀ 2 ਨਵੰਬਰ ਤੋਂ ਵਿੰਟਰ ਟਾਈਮਿੰਗ ਲਾਗੂ
ਚੰਡੀਗੜ੍ਹ ਵਿੱਚ ਵੀ 2 ਨਵੰਬਰ ਤੋਂ ਸਕੂਲਾਂ ਦਾ ਸਰਦੀਆਂ ਵਾਲਾ ਸਮਾਂ ਲਾਗੂ ਹੋਵੇਗਾ। ਜ਼ਿਲ੍ਹਾ ਸਿੱਖਿਆ ਦਫ਼ਤਰ ਨੇ ਯੂਟੀ ਦੇ ਸਾਰੇ ਸਰਕਾਰੀ ਅਤੇ ਏਡਿਡ ਸਕੂਲਾਂ ਲਈ 31 ਮਾਰਚ 2027 ਤੱਕ ਦੀ ਸਰਦ ਰੁੱਤ ਸਮਾਂ-ਸਾਰਣੀ ਜਾਰੀ ਕੀਤੀ ਹੈ। ਸਿੱਖਿਆ ਨਿਰਦੇਸ਼ਕ ਨੀਤਿਸ਼ ਸਿੰਗਲਾ ਵੱਲੋਂ ਜਾਰੀ ਹੁਕਮਾਂ ਅਨੁਸਾਰ, ਇੱਕ ਸ਼ਿਫਟ ਵਾਲੇ ਸਕੂਲਾਂ ਵਿੱਚ ਸਟਾਫ਼ ਦਾ ਸਮਾਂ ਸਵੇਰੇ 8:10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਹੋਵੇਗਾ, ਜਦਕਿ ਵਿਦਿਆਰਥੀਆਂ ਦੀਆਂ ਕਲਾਸਾਂ ਸਵੇਰੇ 8:20 ਵਜੇ ਤੋਂ ਦੁਪਹਿਰ 2:20 ਵਜੇ ਤੱਕ ਲੱਗਣਗੀਆਂ।
ਪੰਜਾਬ ਵਿੱਚ ਸਾਲ ਦੌਰਾਨ ਤਿੰਨ ਵਾਰ ਬਦਲਦਾ ਹੈ ਸਕੂਲਾਂ ਦਾ ਸਮਾਂ
ਪੰਜਾਬ ਵਿੱਚ ਮੌਸਮ ਦੇ ਹਿਸਾਬ ਨਾਲ ਵਿਦਿਅਕ ਸੈਸ਼ਨ ਦੌਰਾਨ ਸਕੂਲਾਂ ਦੇ ਸਮੇਂ ਵਿੱਚ ਤਿੰਨ ਵਾਰ ਤਬਦੀਲੀ ਕੀਤੀ ਜਾਂਦੀ ਹੈ। 1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗਦੇ ਹਨ। ਇਸ ਤੋਂ ਬਾਅਦ 1 ਅਕਤੂਬਰ ਤੋਂ 31 ਅਕਤੂਬਰ ਤੱਕ ਪ੍ਰਾਇਮਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਚੱਲਦੇ ਹਨ। ਜਦਕਿ ਮਿਡਲ ਤੋਂ ਸੀਨੀਅਰ ਸੈਕੰਡਰੀ ਪੱਧਰ ਤੱਕ ਦੇ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਲੱਗਦੇ ਹਨ।
ਹੁਣ 2 ਨਵੰਬਰ ਤੋਂ ਸਰਦੀਆਂ ਦੀ ਨਵੀਂ ਸਮਾਂ-ਸਾਰਣੀ ਲਾਗੂ ਹੋਣ ਨਾਲ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਦੇ ਰੋਜ਼ਾਨਾ ਸਮੇਂ ਵਿੱਚ ਤਬਦੀਲੀ ਆਵੇਗੀ।


Click it and Unblock the Notifications
