ਸਪੇਨ ਟ੍ਰੇਨ ਹਾਦਸਾ: ਮੈਡ੍ਰਿਡ 'ਚ ਭੜਕੀ ਹਿੰਸਾ, ਸਰਕਾਰ ਖਿਲਾਫ਼ ਪ੍ਰਦਰਸ਼ਨ, ਟ੍ਰਾੰਸਪੋਰਟ ਮੰਤਰੀ ਦੇ ਅਸਤੀਫ਼ੇ ਦੀ ਉੱਠੀ ਮੰਗ
ਸਪੇਨ ਵਿੱਚ ਦੋ ਹਾਈ-ਸਪੀਡ ਟ੍ਰੇਨਾਂ ਦੀ ਟੱਕਰ ਵਿੱਚ 68 ਲੋਕਾਂ ਦੀ ਮੌਤ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। ਵੀਰਵਾਰ ਨੂੰ ਸੈਂਕੜੇ ਲੋਕਾਂ ਨੇ ਰਾਜਧਾਨੀ ਮੈਡ੍ਰਿਡ ਵਿੱਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਟਰਾਂਸਪੋਰਟ ਮੰਤਰੀ ਆਸਕਰ ਪੁਏਂਤੇ ਦੇ ਅਸਤੀਫ਼ੇ ਦੀ ਮੰਗ ਕੀਤੀ। ਕੁਝ ਲੋਕਾਂ ਨੇ ਉਨ੍ਹਾਂ ਨੂੰ 'ਮੌਤ ਦਾ ਮੰਤਰੀ' ਤੱਕ ਕਿਹਾ।
ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜੱਪ ਵੀ ਹੋਈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਬੋਤਲਾਂ ਅਤੇ ਪਟਾਕੇ ਸੁੱਟੇ। ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਕੀਤੀ। ਇਸ ਹਾਦਸੇ ਤੋਂ ਬਾਅਦ ਦੇਸ਼ ਦੀ ਰੇਲ ਪ੍ਰਣਾਲੀ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠ ਰਹੇ ਹਨ।

ਇਸ ਸਾਲ ਸਪੇਨ ਵਿੱਚ ਇਹ ਦੂਜਾ ਵੱਡਾ ਰੇਲ ਹਾਦਸਾ ਹੈ, ਜਿਸ ਵਿੱਚ ਲੋਕਾਂ ਦੀ ਜਾਨ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਹੋਏ ਹਾਦਸੇ ਦੌਰਾਨ 46 ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਪਟੜੀ ਦੇ ਜੋੜ ਵਿੱਚ ਖ਼ਰਾਬੀ ਕਾਰਨ ਟ੍ਰੇਨ ਪਟੜੀ ਤੋਂ ਉਤਰ ਗਈ ਸੀ।
ਰਾਤ ਭਰ ਚੱਲਿਆ ਬਚਾਅ ਕਾਰਜ, ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਜਾਰੀ
ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਟੀਮਾਂ ਨੇ ਰਾਤ ਭਰ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਕੀਤੀ। ਨੁਕਸਾਨੀਆਂ ਗਈਆਂ ਟ੍ਰੇਨਾਂ ਵਿੱਚੋਂ ਲਾਸ਼ਾਂ ਕੱਢਣ ਲਈ ਕਰੇਨਾਂ ਦੀ ਮਦਦ ਲਈ ਗਈ। ਬਚਾਅ ਕਰਮਚਾਰੀ ਹਾਦਸੇ ਵਾਲੀ ਥਾਂ 'ਤੇ ਲਗਾਤਾਰ ਕੰਮ ਕਰਦੇ ਰਹੇ। ਸਪੇਨ ਦੇ ਪ੍ਰਧਾਨ ਮੰਤਰੀ ਪੇਦਰੋ ਸਾਂਚੇਜ਼ ਨੇ ਹਾਦਸੇ ਵਾਲੀ ਥਾਂ ਦੇ ਨੇੜੇ ਤੋਂ ਟੈਲੀਵਿਜ਼ਨ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਪੂਰਾ ਦੇਸ਼ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ।
ਰੇਲ ਸੁਰੱਖਿਆ ਪ੍ਰਣਾਲੀ ਵਿੱਚ ਖ਼ਰਾਬੀ ਆਉਣ ਦਾ ਖ਼ਦਸ਼ਾ
ਟ੍ਰੇਨਾਂ ਦੀ ਟੱਕਰ ਦੀ ਘਟਨਾ ਬੁੱਧਵਾਰ ਨੂੰ ਵਾਪਰੀ ਸੀ। ਮੁੱਢਲੀਆਂ ਰਿਪੋਰਟਾਂ ਮੁਤਾਬਕ, ਰੇਲ ਸੁਰੱਖਿਆ ਪ੍ਰਣਾਲੀ ਵਿੱਚ ਖ਼ਰਾਬੀ ਆਈ ਸੀ, ਜਿਸ ਤੋਂ ਬਾਅਦ ਕੰਟਰੋਲ ਸੈਂਟਰ ਨੇ ਇੱਕ ਟ੍ਰੇਨ ਨੂੰ ਮੁੜ ਚੱਲਣ ਦੀ ਇਜਾਜ਼ਤ ਦੇ ਦਿੱਤੀ। ਅੱਗੇ ਜਾ ਕੇ ਉਸ ਦੀ ਟੱਕਰ ਪਟੜੀ 'ਤੇ ਖੜ੍ਹੀ ਦੂਜੀ ਟ੍ਰੇਨ ਨਾਲ ਹੋ ਗਈ। ਹਾਲਾਂਕਿ, ਸਿਗਨਲ ਪ੍ਰਣਾਲੀ ਦੀ ਖ਼ਰਾਬੀ ਹੀ ਹਾਦਸੇ ਦਾ ਅਸਲ ਕਾਰਨ ਸੀ ਜਾਂ ਨਹੀਂ, ਇਸ ਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ।
ਪ੍ਰਧਾਨ ਮੰਤਰੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦਾ ਭਰੋਸਾ ਵੀ ਦਿੱਤਾ।
ਟਰਾਂਸਪੋਰਟ ਮੰਤਰੀ ਆਸਕਰ ਪੁਏਂਤੇ ਨੇ ਵੀ ਕਿਹਾ ਹੈ ਕਿ ਜਾਂਚ ਤੋਂ ਬਾਅਦ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ ਅਤੇ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇਗੀ।


Click it and Unblock the Notifications
