ਜਗਰਾਓਂ ਪਹੁੰਚੇ CM ਮਾਨ ਨੇ ਮਜੀਠੀਆ 'ਤੇ ਸਾਧਿਆ ਨਿਸ਼ਾਨਾ, ਕਿਹਾ - ਹੁਣ ਮਜੀਠੀਆ ਦਾ ਬਚਣਾ ਮੁਸ਼ਕਿਲ ਹੈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਗਰਾਉਂ ਇਲਾਕੇ ਦੇ ਪਿੰਡ ਕਮਾਲਪੁਰਾ ਪਹੁੰਚੇ। ਇੱਥੇ ਉਨ੍ਹਾਂ ਨੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਲੋਕਾਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਮੁੱਖ ਮੰਤਰੀ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ। ਇਸ ਮੌਕੇ ਮਾਨ ਨੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਨਿਸ਼ਾਨੇ ਵਿਨ੍ਹੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਮਾਲਪੁਰਾ ਪਿੰਡ ਵਿੱਚ ਹੁਣ ਤੱਕ ਵਿਕਾਸ ਕਾਰਜਾਂ 'ਤੇ ਸਾਢੇ ਚਾਰ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਪਿੰਡ ਦੇ ਵਿਕਾਸ ਲਈ 51 ਲੱਖ ਰੁਪਏ ਦੀ ਵਾਧੂ ਗ੍ਰਾਂਟ ਦੇਣ ਆਏ ਹਨ। ਉਨ੍ਹਾਂ ਪਿੰਡ ਦੇ ਸਰਪੰਚ ਨੂੰ 51 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਰਾਸ਼ੀ ਨਾਲ ਛੱਪੜਾਂ ਦੀ ਉਸਾਰੀ ਅਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਵਰਗੇ ਵਿਕਾਸ ਕਾਰਜ ਕਰਵਾਏ ਜਾਣਗੇ।

ਹੁਣ ਮਜੀਠੀਆ ਦਾ ਬਚਣਾ ਮੁਸ਼ਕਿਲ ਹੈ - ਭਗਵੰਤ ਮਾਨ
ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਮਜੀਠੀਆ ਵਿਰੁੱਧ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਅਤੇ ਹੁਣ ਉਨ੍ਹਾਂ ਦਾ ਬਚਣਾ ਮੁਸ਼ਕਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਦੁਖੀ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸਿਆਸਤਦਾਨ ਇੰਨਾ ਪੈਸਾ ਇਕੱਠਾ ਕਰਕੇ ਆਪਣੇ ਨਾਲ ਆਖਿਰ ਕਿੱਥੇ ਲੈ ਕੇ ਜਾਣਗੇ।
ਲੋਕਾਂ 'ਚ ਨਫ਼ਰਤ ਫੈਲਾ ਕੇ ਖੁਦ ਇੱਕ-ਦੂਜੇ ਦੇ ਗਲੇ ਮਿਲਦੇ ਫਿਰਦੇ - CM ਮਾਨ
ਮੁੱਖ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਦੀ ਧੀ ਦੇ ਵਿਆਹ ਦੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਿਆਹ ਸਮਾਗਮ ਦੌਰਾਨ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਆਗੂ ਇੱਕ-ਦੂਜੇ ਦੇ ਗਲ ਮਿਲਦੇ ਨਜ਼ਰ ਆਏ। ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਪਾਸੇ ਆਮ ਲੋਕਾਂ ਵਿੱਚ ਇੰਨੀ ਨਫ਼ਰਤ ਫੈਲਾ ਦਿੱਤੀ ਗਈ ਹੈ ਕਿ ਲੋਕ ਇੱਕ-ਦੂਜੇ ਦੇ ਭੋਗ ਸਮਾਗਮਾਂ ਵਿੱਚ ਜਾਣ ਤੋਂ ਵੀ ਝਿਜਕਦੇ ਹਨ।
ਮਾਨ ਨੇ ਕਿਹਾ ਕਿ ਸਿਆਸੀ ਆਗੂਆਂ ਨੂੰ ਘੱਟੋ-ਘੱਟ ਲੋਕਾਂ ਨੂੰ ਇਹ ਤਾਂ ਦੱਸਣਾ ਚਾਹੀਦਾ ਹੈ ਕਿ ਉਹ ਆਪਸ ਵਿੱਚ ਕਿੰਨੇ ਮਿਲੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਆਗੂ ਕਦੇ ਭਾਜਪਾ ਵਿੱਚ ਚਲੇ ਜਾਂਦੇ ਹਨ, ਕਦੇ ਕਾਂਗਰਸ ਵਿੱਚ ਅਤੇ ਕਦੇ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਂਦੇ ਹਨ।
ਇਹ ਲੋਕਾਂ ਦਾ ਪੈਸਾ ਹੈ - ਮੁੱਖ ਮੰਤਰੀ ਮਾਨ
ਔਰਤਾਂ ਨੂੰ ਹਰ ਮਹੀਨੇ ਮਿਲਣ ਵਾਲੀ ਵਿੱਤੀ ਸਹਾਇਤਾ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ 29 ਤਾਰੀਖ਼ ਹੈ ਅਤੇ ਪਰਸੋਂ ਮਹੀਨਾ ਖ਼ਤਮ ਹੋ ਜਾਵੇਗਾ। ਇਸ ਤੋਂ ਬਾਅਦ ਪਹਿਲੀ ਤਾਰੀਖ਼ ਨੂੰ ਔਰਤਾਂ ਦੇ ਮੋਬਾਈਲ ਫ਼ੋਨਾਂ 'ਤੇ ਪੈਸੇ ਆਉਣ ਦਾ ਸੁਨੇਹਾ ਆਵੇਗਾ। ਉਨ੍ਹਾਂ ਕਿਹਾ ਕਿ 1,500 ਜਾਂ 4,500 ਰੁਪਏ ਮਿਲਣ ਨਾਲ ਕੋਈ ਅਮੀਰ ਨਹੀਂ ਬਣ ਜਾਂਦਾ, ਪਰ ਇਹ ਲੋਕਾਂ ਦਾ ਪੈਸਾ ਹੈ ਅਤੇ ਲੋਕਾਂ ਨੂੰ ਹੀ ਵਾਪਸ ਦਿੱਤਾ ਜਾ ਰਿਹਾ ਹੈ।
ਪੰਜਾਬ ਨੂੰ ਨਸ਼ਿਆਂ ਲਈ ਬਦਨਾਮ ਕਰਨ ਦੇ ਵਿਰੋਧੀਆਂ 'ਤੇ ਦੋਸ਼
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪਹਿਲਾਂ ਜਰਨੈਲਾਂ ਅਤੇ ਕਰਨਲਾਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਗਿੱਧਾ ਅਤੇ ਭੰਗੜਾ ਪੰਜਾਬ ਦੀ ਪਛਾਣ ਸਨ, ਪਰ ਵਿਰੋਧੀਆਂ ਨੇ ਸੂਬੇ ਨੂੰ ਚਿੱਟੇ ਅਤੇ ਨਸ਼ੀਲੇ ਟੀਕਿਆਂ ਲਈ ਬਦਨਾਮ ਕਰ ਦਿੱਤਾ।


Click it and Unblock the Notifications
