ਰਾਜਸਥਾਨ 'ਚ ਦਰਦਨਾਕ ਹਾਦਸਾ! ਸੜਕ ਬਣਾਉਂਦੇ ਕਰੰਟ ਲੱਗਣ ਨਾਲ 8 ਮਜ਼ਦੂਰਾਂ ਦੀ ਮੌਤ, 5 ਝੁਲਸੇ
ਰਾਜਸਥਾਨ ਦੇ ਝੁੰਝਨੂੰ ਜ਼ਿਲ੍ਹੇ ਦੇ ਉਦੈਪੁਰਵਾਟੀ ਇਲਾਕੇ ਦੇ ਛਾਪੋਲੀ ਪਿੰਡ ਵਿੱਚ ਸੋਮਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਸੜਕ ਬਣਾਉਣ ਦਾ ਕੰਮ ਕਰ ਰਹੇ 8 ਮਜ਼ਦੂਰਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ, ਜਦਕਿ 5 ਹੋਰ ਲੋਕ ਬਿਜਲੀ ਦੇ ਕਰੰਟ ਨਾਲ ਝੁਲਸ ਗਏ।
ਉਦੈਪੁਰਵਾਟੀ ਦੇ ਐੱਸਐੱਚਓ ਮੁਤਾਬਕ ਸੜਕ ਨਿਰਮਾਣ ਦੌਰਾਨ ਬਜਰੀ ਮਿਲਾਉਣ ਦੇ ਕੰਮ ਵਿੱਚ ਵਰਤੀ ਜਾਣ ਵਾਲੀ ਇੱਕ ਮਸ਼ੀਨ, ਉੱਪਰੋਂ ਲੰਘ ਰਹੀ ਹਾਈਟੈਂਸ਼ਨ ਬਿਜਲੀ ਦੀ ਲਾਈਨ ਦੇ ਸੰਪਰਕ ਵਿੱਚ ਆ ਗਈ। ਇਸ ਕਾਰਨ ਮਸ਼ੀਨ ਵਿੱਚ ਕਰੰਟ ਆ ਗਿਆ ਅਤੇ ਉੱਥੇ ਕੰਮ ਕਰ ਰਹੇ ਮਜ਼ਦੂਰ ਇਸ ਦੀ ਲਪੇਟ ਵਿੱਚ ਆ ਗਏ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਉੱਥੇ ਹੀ ਘਟਨਾ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਧਰਨਾ ਸ਼ੁਰੂ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਹਾਦਸੇ 'ਤੇ ਪ੍ਰਗਟਾਇਆ ਦੁੱਖ
ਝੁੰਝਨੂੰ ਵਿੱਚ ਵਾਪਰੇ ਇਸ ਹਾਦਸੇ ਵਿੱਚ ਮਜ਼ਦੂਰਾਂ ਦੀ ਕਰੰਟ ਲੱਗਣ ਕਾਰਨ ਹੋਈ ਬੇਵਕਤੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਇਹ ਖ਼ਬਰ ਬੇਹੱਦ ਦੁਖਦਾਈ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਯਕੀਨੀ ਬਣਾਉਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਘਟਨਾ ਦੀ ਜਾਂਚ ਕਰਨ ਦੇ ਵੀ ਹੁਕਮ ਦਿੱਤੇ ਹਨ।
ਹਾਦਸੇ 'ਤੇ ਸ਼ੁਰੂ ਹੋਈ ਸਿਆਸਤ
ਇਸ ਭਿਆਨਕ ਹਾਦਸੇ ਤੋਂ ਬਾਅਦ ਜਿੱਥੇ ਜਰੀਬ ਪਰਿਵਾਰਾਂ ਨੇ ਆਪਣਿਆਂ ਨੂੰ ਖੋ ਦਿੱਤਾ ਹੈ , ਉੱਥੇ ਹੀ ਮਾਮਲੇ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਘਟਨਾ ਤੋਂ ਬਾਅਦ ਵਿਰੋਧੀ ਸਵਾਲ ਚੁੱਕ ਰਹੇ ਨੇ ਅਤੇ ਸਰਕਾਰ ਤੋਂ ਜਵਾਬ ਮੰਗ ਰਹੇ ਹਨ ਕਿ ਇਸ ਹਾਦਸੇ ਲਈ ਆਖਿਰ ਕੌਣ ਜਿੰਮੇਵਾਰ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਸਤੇ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਨੇ ਘਟਨਾ 'ਤੇ ਦੁੱਖ ਪ੍ਰਗਟ ਟਵੀਟ ਕਰਕੇ ਕਰਦਿਆਂ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ - ''ਝੁੰਝਨੂੰ ਵਿੱਚ ਕਈ ਮਜ਼ਦੂਰਾਂ ਦੀ ਕਰੰਟ ਲੱਗਣ ਕਾਰਨ ਹੋਈ ਦਰਦਨਾਕ ਮੌਤ ਬੇਹੱਦ ਦੁਖਦਾਈ ਅਤੇ ਮੰਦਭਾਗੀ ਹੈ। ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਕਿ ਸੜਕ ਨਿਰਮਾਣ ਦੌਰਾਨ ਇਹ ਹਾਦਸਾ ਕਿਵੇਂ ਵਾਪਰਿਆ ਅਤੇ ਇਨ੍ਹਾਂ ਮੌਤਾਂ ਲਈ ਕੌਣ ਜ਼ਿੰਮੇਵਾਰ ਹੈ।''
ਉਨ੍ਹਾਂ ਅੱਗੇ ਲਿਖਿਆ ਹੈ -ਇਸ ਹਾਦਸੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਪਰਿਵਾਰਾਂ 'ਤੇ ਕੀ ਬੀਤ ਰਹੀ ਹੋਵੇਗੀ, ਇਹ ਸੋਚ ਕੇ ਮਨ ਬੇਹੱਦ ਦੁਖੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇ"


Click it and Unblock the Notifications
