ਪੰਜਾਬ 'ਚ ਹਥਿਆਰ ਤਸਕਰੀ ਮਾਡਿਊਲ ਦੇ ਮੈਂਬਰ 9 ਨਾਜਾਇਜ਼ ਪਿਸਤੌਲਾਂ ਸਣੇ ਕਾਬੂ, ਬੰਬੀਹਾ ਗੈਂਗ ਨੂੰ ਕਰਨੀ ਸੀ ਸਪਲਾਈ
ਪਟਿਆਲਾ ਪੁਲਿਸ ਨੂੰ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਿਰੁੱਧ ਵੱਡੀ ਸਫ਼ਲਤਾ ਮਿਲੀ ਹੈ। ਸੀਆਈਏ (CIA) ਸਟਾਫ਼ ਰਾਜਪੁਰਾ ਅਤੇ ਥਾਣਾ ਸਿਟੀ ਰਾਜਪੁਰਾ ਦੀ ਸਾਂਝੀ ਟੀਮ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 32 ਬੋਰ ਦੇ 9 ਨਾਜਾਇਜ਼ ਪਿਸਤੌਲ, 10 ਜ਼ਿੰਦਾ ਕਾਰਤੂਸ ਅਤੇ 16 ਮੈਗਜ਼ੀਨ ਬਰਾਮਦ ਕੀਤੀਆਂ ਹਨ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਚਿੱਟੇ ਰੰਗ ਦੀ ਹੁੰਡਈ ਵਰਨਾ ਕਾਰ ਵੀ ਜ਼ਬਤ ਕੀਤੀ ਹੈ। ਫਿਲਹਾਲ ਪੁਲਿਸ ਤਿੰਨਾਂ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚੋਂ ਇਹ ਹਥਿਆਰ ਕਿਸ ਵਿਅਕਤੀ ਤੋਂ ਖਰੀਦੇ ਸਨ ਅਤੇ ਪੰਜਾਬ ਵਿੱਚ ਕਿਹੜੇ-ਕਿਹੜੇ ਲੋਕਾਂ ਨੂੰ ਇਨ੍ਹਾਂ ਦੀ ਸਪਲਾਈ ਕੀਤੀ ਜਾਣੀ ਸੀ।

ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ ਹਥਿਆਰ, ਬੰਬੀਹਾ ਗੈਂਗ ਨੂੰ ਕਰਨੀ ਸੀ ਸਪਲਾਈ
ਐੱਸਪੀ (ਡੀ) ਰਾਜੇਸ਼ ਛਿੱਬਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਮੰਗਵਾਏ ਗਏ ਸਨ। ਪੁਲਿਸ ਮੁਤਾਬਕ, ਬਰਾਮਦ ਕੀਤੇ ਗਏ 9 ਪਿਸਤੌਲਾਂ ਵਿੱਚੋਂ 4 ਪਿਸਤੌਲਾਂ ਦੀ ਸਪਲਾਈ ਖ਼ਤਰਨਾਕ ਬੰਬੀਹਾ ਗੈਂਗ ਨੂੰ ਕੀਤੀ ਜਾਣੀ ਸੀ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਦੋ ਵਿਅਕਤੀਆਂ ਦੇ ਕਤਲ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਗੋਰਾ ਵਾਸੀ ਪਿੰਡ ਕੋਇਰ ਸਿੰਘ ਵਾਲਾ, ਥਾਣਾ ਭਗਤਾ ਭਾਈ (ਜ਼ਿਲ੍ਹਾ ਬਠਿੰਡਾ), ਲਖਬੀਰ ਸਿੰਘ ਉਰਫ਼ ਲਾਡੀ ਵਾਸੀ ਪਿੰਡ ਪੁਰ, ਥਾਣਾ ਖੇੜੀ ਗੰਡਿਆਂ (ਜ਼ਿਲ੍ਹਾ ਪਟਿਆਲਾ) ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਅਮੀਰ ਕਲੋਨੀ, ਰਾਜਪੁਰਾ ਵਜੋਂ ਹੋਈ ਹੈ।
ਪੁਲਿਸ ਵੱਲੋਂ ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਹਥਿਆਰ ਤਸਕਰੀ ਮਾਡਿਊਲ ਦੇ ਪਿੱਛੇ ਹੋਰ ਕਿਹੜੇ ਲੋਕ ਸ਼ਾਮਲ ਹਨ ਅਤੇ ਹਥਿਆਰਾਂ ਦੀ ਸਪਲਾਈ ਕਿੱਥੇ-ਕਿੱਥੇ ਕੀਤੀ ਜਾਣੀ ਸੀ।


Click it and Unblock the Notifications
