ਉੱਤਰਾਖੰਡ 'ਚ ਵੱਡਾ ਹੈਲੀਕਾਪਟਰ ਹਾਦਸਾ, ਜੋਸ਼ੀਮਠ ਨੇੜੇ ਕਰੈਸ਼ ਹੋਇਆ ਹੇਲੀਕਾਪਟਰ, ਪਾਇਲਟ ਸਣੇ 6 ਲੋਕਾਂ ਦੀ ਮੌਤ
ਉੱਤਰਾਖੰਡ ਵਿੱਚ ਸ਼ੁੱਕਰਵਾਰ ਨੂੰ ਬਦਰੀਨਾਥ ਤੋਂ ਦੇਹਰਾਦੂਨ ਆ ਰਿਹਾ ਇੱਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਜੋਸ਼ੀਮਠ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਬਚਾਅ ਟੀਮਾਂ ਵੱਲੋਂ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਹੈਲੀਕਾਪਟਰ ਨੇ ਦੁਪਹਿਰ ਕਰੀਬ 1:14 ਵਜੇ ਬਦਰੀਨਾਥ ਤੋਂ ਦੇਹਰਾਦੂਨ ਦੇ ਸਹਸ੍ਰਧਾਰਾ ਲਈ ਉਡਾਣ ਭਰੀ ਸੀ। ਜੋਸ਼ੀਮਠ ਘਾਟੀ ਦੇ ਉੱਪਰ ਉਡਾਣ ਦੌਰਾਨ ਹੈਲੀਕਾਪਟਰ ਦਾ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਟ੍ਰੈਕਿੰਗ ਸਿਸਟਮ 'ਤੇ ਵੀ ਉਸ ਦੀ ਲੋਕੇਸ਼ਨ ਮਿਲਣੀ ਬੰਦ ਹੋ ਗਈ। ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ, ਜਦੋਂ ਉੱਤਰਾਖੰਡ ਦੇ ਕਈ ਇਲਾਕਿਆਂ ਵਿੱਚ ਮੌਸਮ ਖ਼ਰਾਬ ਬਣਿਆ ਹੋਇਆ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ।

2 ਹੈਲੀਕਾਪਟਰਾਂ ਦੀ ਮਦਦ ਨਾਲ ਲੱਭਿਆ ਗਿਆ ਮਲਬਾ
ਆਫ਼ਤ ਪ੍ਰਬੰਧਨ ਅਧਿਕਾਰੀ ਮੁਤਾਬਕ, ਜੇ.ਪੀ. ਡੈਮ ਦੇ ਉੱਪਰ ਜੰਗਲ ਵਿੱਚ ਕਿਸੇ ਚਿੱਟੇ ਰੰਗ ਦੀ ਚੀਜ਼ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਦੀ ਜਾਂਚ ਲਈ ਦੋ ਹੈਲੀਕਾਪਟਰ ਭੇਜੇ ਗਏ ਸਨ। ਲਾਪਤਾ ਹੋਇਆ ਹੈਲੀਕਾਪਟਰ ਟ੍ਰਾਂਸ ਭਾਰਤ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਸੀ। ਇਸ ਵਿੱਚ ਪਾਇਲਟ ਕੈਪਟਨ ਹਿਮਾਂਸ਼ੂ ਤੋਂ ਇਲਾਵਾ 5 ਯਾਤਰੀ ਸਵਾਰ ਸਨ। ਇਨ੍ਹਾਂ ਦੀ ਪਛਾਣ ਪ੍ਰਤਾਪਾ, ਅਰੁਣ, ਸ਼ੰਕਰ ਗੌੜਾ, ਸੁਧੀਰ ਕੇ. ਅਤੇ ਐੱਚ.ਐੱਸ. ਨਟਰਾਜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਯਾਤਰੀ ਬੈਂਗਲੁਰੂ ਦੇ ਰਹਿਣ ਵਾਲੇ ਸਨ।
ਹਾਦਸੇ ਤੋਂ ਬਾਅਦ ਸਾਵਧਾਨੀ ਵਜੋਂ ਟ੍ਰਾਂਸ ਭਾਰਤ ਏਵੀਏਸ਼ਨ ਦੇ ਸਾਰੇ ਹੈਲੀਕਾਪਟਰਾਂ ਦੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਉੱਤਰਾਖੰਡ ਵਿੱਚ ਹੋਇਆ ਇਹ ਹਾਦਸਾ ਕੋਈ ਪਹਿਲਾ ਹਾਦਸਾ ਨਹੀਂ ਹੈ। ਅੰਕੜਿਆਂ ਮੁਤਾਬਕ ਸਾਲ 2016 ਤੋਂ 2026 ਦਰਮਿਆਨ ਉੱਤਰਾਖੰਡ ਵਿੱਚ ਹੈਲੀਕਾਪਟਰ ਹਾਦਸਿਆਂ ਦੀਆਂ 13 ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ 27 ਲੋਕਾਂ ਦੀ ਜਾਨ ਗਈ ਹੈ ।


Click it and Unblock the Notifications
