ਭੂਟਾਨ 'ਚ ਗਲੇਸ਼ੀਅਰ ਝੀਲ ਫਟਣ ਨਾਲ ਮਚੀ ਤਬਾਹੀ, ਪਾਣੀ ਭਾਰਤ ਪਹੁੰਚਣ ਦਾ ਖਦਸ਼ਾ, ਬੰਗਾਲ -ਅਸਾਮ 'ਚ ਹਾਈ ਅਲਰਟ
ਭੂਟਾਨ ਵਿੱਚ ਵੀਰਵਾਰ ਦੇਰ ਰਾਤ ਸ਼ਿੰਤਾਫੂ ਗਲੇਸ਼ੀਅਰ ਝੀਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਪਾਣੀ ਦੇ ਤੇਜ਼ ਵਹਾਅ ਵਿੱਚ ਇੱਥੋਂ ਦਾ ਮਸ਼ਹੂਰ ਗਰਮ ਪਾਣੀ ਦਾ ਕੁੰਡ 'ਗਾਸਾ ਤਸਾਚੂ' ਪੂਰੀ ਤਰ੍ਹਾਂ ਰੁੜ੍ਹ ਗਿਆ। ਇਸ ਤੋਂ ਇਲਾਵਾ ਪੁਨਾਖਾ-ਗਾਸਾ ਹਾਈਵੇਅ ਦਾ ਇੱਕ ਹਿੱਸਾ ਵੀ ਟੁੱਟ ਗਿਆ।
ਝੀਲ ਵਿੱਚੋਂ ਨਿਕਲੇ ਪਾਣੀ ਕਾਰਨ ਸੰਕੋਸ਼ ਨਦੀ ਦਾ ਜਲ ਪੱਧਰ ਵਧ ਗਿਆ ਹੈ। ਇਹ ਨਦੀ ਭੂਟਾਨ ਤੋਂ ਨਿਕਲ ਕੇ ਅਸਾਮ ਅਤੇ ਪੱਛਮੀ ਬੰਗਾਲ ਦੇ ਸਰਹੱਦੀ ਇਲਾਕਿਆਂ ਵਿੱਚੋਂ ਲੰਘਦੀ ਹੈ ਅਤੇ ਅੱਗੇ ਜਾ ਕੇ ਬ੍ਰਹਮਪੁੱਤਰ ਨਦੀ ਵਿੱਚ ਮਿਲ ਜਾਂਦੀ ਹੈ। ਇਸ ਸਥਿਤੀ ਨੂੰ ਦੇਖਦਿਆਂ ਦੋਵਾਂ ਸੂਬਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਸ਼ਿੰਤਾਫੂ ਝੀਲ ਦਾ ਪਾਣੀ ਭਾਰਤ ਪਹੁੰਚਣ ਦਾ ਖ਼ਦਸ਼ਾ
ਭੂਟਾਨ ਦੀ ਸ਼ਿੰਤਾਫੂ ਗਲੇਸ਼ੀਅਰ ਝੀਲ ਫਟਣ ਕਾਰਨ ਇਸ ਵਿੱਚ ਜਮ੍ਹਾਂ ਪਾਣੀ ਨਦੀਆਂ ਦੇ ਰਸਤੇ ਭਾਰਤ ਪਹੁੰਚ ਸਕਦਾ ਹੈ। ਸਭ ਤੋਂ ਪਹਿਲਾਂ ਇਹ ਪਾਣੀ ਭੂਟਾਨ ਦੀ ਮੋ ਛੂ ਨਦੀ ਵਿੱਚ ਆਵੇਗਾ। ਅੱਗੇ ਜਾ ਕੇ ਮੋ ਛੂ ਅਤੇ ਫੋ ਛੂ ਨਦੀਆਂ ਮਿਲ ਕੇ ਪੁਨਾਤਸਾਂਗਛੂ ਨਦੀ ਬਣਾਉਂਦੀਆਂ ਹਨ।
ਇਹ ਨਦੀ ਦੱਖਣ ਵੱਲ ਵਹਿੰਦੀ ਹੋਈ ਭਾਰਤ ਵਿੱਚ ਦਾਖ਼ਲ ਹੁੰਦੀ ਹੈ, ਜਿੱਥੇ ਇਸ ਨੂੰ ਸੰਕੋਸ਼ ਨਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੇ ਪਾਣੀ ਕਾਰਨ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਅਤੇ ਜਲਪਾਈਗੁੜੀ ਦੇ ਨਾਲ-ਨਾਲ ਅਸਾਮ ਦੇ ਕੋਕਰਾਝਾਰ ਅਤੇ ਧੁਬਰੀ ਜ਼ਿਲ੍ਹਿਆਂ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਪੈਦਾ ਹੋ ਸਕਦਾ ਹੈ।
ਅੱਗੇ ਜਾ ਕੇ ਸੰਕੋਸ਼ ਨਦੀ ਅਸਾਮ ਵਿੱਚ ਬ੍ਰਹਮਪੁੱਤਰ ਨਦੀ ਨਾਲ ਮਿਲ ਜਾਂਦੀ ਹੈ। ਇਸ ਤਰ੍ਹਾਂ ਭੂਟਾਨ ਦੀ ਝੀਲ ਦਾ ਪਾਣੀ ਨਦੀਆਂ ਦੇ ਰਸਤੇ ਭਾਰਤ ਦੇ ਮੈਦਾਨੀ ਇਲਾਕਿਆਂ ਤੱਕ ਪਹੁੰਚ ਸਕਦਾ ਹੈ।
ਬੰਗਾਲ-ਅਸਾਮ ਦੇ ਸਰਹੱਦੀ ਇਲਾਕਿਆਂ ਵਿੱਚ ਹਾਈ ਅਲਰਟ
ਸ਼ਿੰਤਾਫੂ ਝੀਲ ਵਿੱਚੋਂ ਨਿਕਲੇ ਪਾਣੀ ਦੇ ਭਾਰਤ ਪਹੁੰਚਣ ਦੇ ਖ਼ਦਸ਼ੇ ਨੂੰ ਦੇਖਦਿਆਂ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਅਤੇ ਜਲਪਾਈਗੁੜੀ ਦੇ ਨਾਲ-ਨਾਲ ਅਸਾਮ ਦੇ ਧੁਬਰੀ ਅਤੇ ਨਦੀ ਕਿਨਾਰੇ ਵਸੇ ਹੋਰ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਸਰਹੱਦੀ ਇਲਾਕਿਆਂ ਵਿੱਚੋਂ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲੋੜ ਪੈਣ 'ਤੇ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਗਈ ਹੈ।


Click it and Unblock the Notifications
