ਗੁਰਦੁਆਰਾ ਗੋਪਾਲਸਰ ਸਾਹਿਬ ਫਾਇਰਿੰਗ ਮਾਮਲਾ: ਪੁਲਿਸ ਸੁਰੱਖਿਆ ਲੈਣ ਲਈ ਬਾਬਾ ਅਮਰਜੀਤ ਨੇ ਕਰਵਾਈ ਫ਼ਾਇਰਿੰਗ!
ਲੁਧਿਆਣਾ ਦੇ ਪਿੰਡ ਗਗੜਾ ਵਿਖੇ ਗੁਰਦੁਆਰਾ ਗੋਪਾਲਸਰ ਸਾਹਿਬ ਦੇ ਬਾਹਰ ਹੋਈ ਫਾਇਰਿੰਗ ਦੀ ਸਨਸਨੀਖੇਜ਼ ਘਟਨਾ ਨੂੰ ਪੰਜਾਬ ਪੁਲਿਸ ਨੇ ਮਹਿਜ਼ 48 ਘੰਟਿਆਂ ਦੇ ਅੰਦਰ ਹੀ ਸੁਲਝਾ ਲਿਆ ਹੈ। ਇਸ ਮਾਮਲੇ 'ਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਵੱਲੋਂ ਪੁਲਿਸ ਸੁਰੱਖਿਆ ਹਾਸਲ ਕਰਨ ਦੇ ਮਕਸਦ ਨਾਲ ਕਥਿਤ ਤੌਰ 'ਤੇ ਇਹ ਸਾਜ਼ਿਸ਼ ਰਚੀ ਗਈ ਸੀ। ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ, ਆਈ.ਪੀ.ਐੱਸ. ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਇਸ ਪੂਰੇ ਮਾਮਲੇ ਦਾ ਖ਼ੁਲਾਸਾ ਕੀਤਾ ਹੈ।

ਬਾਬਾ ਅਮਰਜੀਤ ਨੇ ਹੀ ਕਰਵਾਈ ਸੀ ਫ਼ਾਇਰਿੰਗ!
ਪੁਲਿਸ ਪੁੱਛਗਿੱਛ ਦੌਰਾਨ ਫੜ੍ਹੇ ਗਏ ਮੁਲਜ਼ਮ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਬਾਬਾ ਅਮਰਜੀਤ ਸਿੰਘ ਦਾ ਸ਼ਰਧਾਲੂ ਸੀ ਅਤੇ ਗੁਰਦੁਆਰਾ ਗੋਪਾਲਸਰ ਸਾਹਿਬ ਵਿਖੇ ਹੀ ਰਹਿੰਦਾ ਸੀ। ਮੁਲਜ਼ਮ ਨੇ ਕਥਿਤ ਤੌਰ 'ਤੇ ਖੁਲਾਸਾ ਕੀਤਾ ਕਿ ਬਾਬਾ ਅਮਰਜੀਤ ਸਿੰਘ ਦੇ ਕਹਿਣ 'ਤੇ ਪੁਲਿਸ ਸੁਰੱਖਿਆ ਹਾਸਲ ਕਰਨ ਲਈ ਫਾਇਰਿੰਗ ਦੀ ਇਹ ਘਟਨਾ ਪਹਿਲਾਂ ਤੋਂ ਰਚੀ ਗਈ ਸਾਜ਼ਿਸ਼ ਤਹਿਤ ਅੰਜਾਮ ਦਿੱਤੀ ਗਈ ਸੀ।
ਉਸ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਉਹ ਆਪਣੀ ਡਿਸਕਵਰ ਮੋਟਰਸਾਈਕਲ 'ਤੇ ਇਕੱਲਾ ਸਵਾਰ ਹੋ ਕੇ ਮੌਕੇ 'ਤੇ ਪਹੁੰਚਿਆ ਸੀ। ਆਪਣੀ ਪਛਾਣ ਲੁਕਾਉਣ ਲਈ ਉਸ ਨੇ ਸਿਰ 'ਤੇ ਪਰਨਾ ਬੰਨ੍ਹਿਆ ਅਤੇ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਫਾਇਰ ਕੀਤੇ ਅਤੇ ਵਾਪਸ ਆਪਣੇ ਪਿੰਡ ਚਲਾ ਗਿਆ।
ਦੇਸੀ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ
ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਸ ਨੇ ਕਰੀਬ ਛੇ ਮਹੀਨੇ ਪਹਿਲਾਂ ਇਲਾਹਾਬਾਦ, ਮਿਰਜ਼ਾਪੁਰ ਦੇ ਨੇੜਲੇ ਇਲਾਕੇ ਤੋਂ ਇੱਕ ਦੇਸੀ .32 ਬੋਰ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਖਰੀਦੇ ਸਨ। ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਦੌਰਾਨ ਵਰਤਿਆ ਗਿਆ ਦੇਸੀ .32 ਬੋਰ ਪਿਸਤੌਲ, ਮੈਗਜ਼ੀਨ ਅਤੇ ਉਸ ਦਾ ਡਿਸਕਵਰ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
ਪੁਲਿਸ ਨੇ ਮੁਲਜ਼ਮ ਸੰਦੀਪ ਸਿੰਘ ਉਰਫ਼ ਸੋਨੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਰਿਮਾਂਡ ਦੌਰਾਨ ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਕੇ ਧਮਕੀ ਭਰੇ ਪੱਤਰ ਅਤੇ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।


Click it and Unblock the Notifications
