ਪੰਚਕੂਲਾ ਦੇ ਸਕੂਲ 'ਚ ਵੱਡੀ ਘਟਨਾ: ਤੀਜੀ ਜਮਾਤ ਦੇ ਵਿਦਿਆਰਥੀ ਨੇ KG ਦੀ ਬੱਚੀ 'ਤੇ ਕੀਤਾ ਹਮਲਾ, ਇੱਟਾਂ ਨਾਲ ਮਾਰ ਮਾਰ ਕੀਤਾ ਜਖ਼ਮੀ
ਹਰਿਆਣਾ ਦੇ ਪੰਚਕੂਲਾ ਦੇ ਇੱਕ ਨਾਮੀ ਸਕੂਲ ਵਿੱਚ ਕੇਜੀ ਜਮਾਤ ਦੀ ਵਿਦਿਆਰਥਣ 'ਤੇ ਤੀਜੀ ਜਮਾਤ ਦੇ ਵਿਦਿਆਰਥੀ ਨੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਵਿਦਿਆਰਥੀ ਨੇ ਪਹਿਲਾਂ ਬੱਚੀ ਦਾ ਸਿਰ ਬੈਂਚ ਨਾਲ ਮਾਰਿਆ ਅਤੇ ਫਿਰ ਉਸ ਦੇ ਚਿਹਰੇ 'ਤੇ ਪੈਰਾਂ ਨਾਲ 19 ਵਾਰ ਲੱਤਾਂ ਮਾਰੀਆਂ। ਇਹ ਪੂਰੀ ਘਟਨਾ ਕਲਾਸ 'ਚ ਲੱਗੇ CCTV ਵਿੱਚ ਕ਼ੈਦ ਹੋ ਗਈ ਹੈ।
CCTV ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤੀਜੀ ਕਲਾਸ 'ਚ ਪੜ੍ਹ ਦੇ ਮੁੰਡੇ ਨੇ ਉਸ 6 ਸਾਲ ਦੀ ਬੱਚੀ ਨਾਲ ਇਸ ਹੱਦ ਤੱਕ ਕੁੱਟਮਾਰ ਕੀਤੀ ਹੈ ਕਿ ਇਸ ਵੀਡੀਓ ਨੂੰ ਪੂਰਾ ਦੇਖਿਆ ਵੀ ਨਹੀਂ ਜਾ ਸਕਦਾ। ਬੱਚੀ ਨੂੰ ਇਲਾਜ਼ ਲਈ PGI ਰੈਫ਼ਰ ਕੀਤਾ ਗਿਆ ਹੈ ਜਿੱਥੇ ਉਸਦਾ ਇਲਾਜ਼ ਜਾਰੀ ਹੈ। ਦੱਸ ਦਈਏ ਕਿ ਇਹ ਘਟਨਾ 28 ਅਕਤੂਬਰ ਦੀ ਹੈ , ਜਿਸਦੀ ਵੀਡੀਓ ਹੁਣ ਸਾਹਮਣੇ ਆਈ ਹੈ।

ਮੁੰਡੇ ਨੇ 96 ਸਕਿੰਟ ਤੱਕ ਬੱਚੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
ਕਰੀਬ 96 ਸਕਿੰਟ ਤੱਕ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਇਹ ਘਟਨਾ ਕਲਾਸ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਕੁੱਟਮਾਰ ਦੇ ਦ੍ਰਿਸ਼ ਬੇਹੱਦ ਪਰੇਸ਼ਾਨ ਕਰਨ ਵਾਲੇ ਹਨ। ਮੁੰਡੇ ਨੇ ਬੱਚੀ ਦੇ ਵਾਲ ਫੜ ਕੇ ਪਹਿਲਾਂ ਉਸ ਨੂੰ ਘੜੀਸਿਆ। ਇੰਨਾ ਹੀ ਨਹੀਂ, ਮੁਲਜ਼ਮ ਵਿਦਿਆਰਥੀ ਨੇ ਇੱਟ ਨਾਲ ਬੱਚੀ ਦੇ ਸਿਰ 'ਤੇ 12 ਵਾਰ ਹਮਲਾ ਕੀਤਾ।
ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਵੀ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਕਿਹਾ ਕਿ ਇਸ ਨੂੰ ਪੂਰਾ ਦੇਖਣਾ ਵੀ ਮੁਸ਼ਕਲ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਮੁਲਜ਼ਮ ਮੁੰਡੇ ਨੇ ਪਿਓ ਨੂੰ ਦੱਸਿਆ ਤੁਹਾਡੀ ਕੁੜੀ ਉਪਰ ਡਿੱਗੀ ਹੈ
ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚੀ ਨੂੰ ਲੈਣ ਲਈ ਆਟੋ ਡਰਾਈਵਰ ਸਕੂਲ ਪਹੁੰਚਿਆ, ਪਰ ਬੱਚੀ ਉੱਥੇ ਨਹੀਂ ਮਿਲੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਤੁਰੰਤ ਸਕੂਲ ਪਹੁੰਚੇ ਅਤੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ। ਬੱਚੀ ਦੇ ਚਾਚੇ ਮੁਤਾਬਕ, ਹਮਲਾ ਕਰਨ ਵਾਲੇ ਵਿਦਿਆਰਥੀ ਨੇ ਹੀ ਉਨ੍ਹਾਂ ਨੂੰ ਦੱਸਿਆ ਕਿ ਬੱਚੀ ਕਿੱਥੇ ਡਿੱਗੀ ਪਈ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਗਏ। ਉੱਥੇ ਬੱਚੀ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।
ਚਾਚੇ ਨੇ ਕਿਹਾ- ਧੀ ਦੀ ਹਾਲਤ ਦੇਖ ਕੇ ਪਿਤਾ ਹੋਏ ਬੇਹੋਸ਼
ਬੱਚੀ ਦੇ ਚਾਚੇ ਮੁਤਾਬਕ ਜਦੋਂ ਪਿਤਾ ਨੇ ਆਪਣੀ ਧੀ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਦੇਖਿਆ ਤਾਂ ਉਹ ਬੇਹੋਸ਼ ਹੋ ਗਏ। ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਇਸ ਘਟਨਾ ਤੋਂ ਬਾਅਦ ਸਦਮੇ ਵਿੱਚ ਹੈ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ 'ਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਟਾਫ਼ ਦੀ ਘਾਟ ਕਾਰਨ ਦੋ-ਤਿੰਨ ਜਮਾਤਾਂ ਦੇ ਬੱਚਿਆਂ ਨੂੰ ਇੱਕੋ ਕਮਰੇ ਵਿੱਚ ਬਿਠਾਇਆ ਜਾਂਦਾ ਸੀ। ਘਟਨਾ ਸਮੇਂ ਵੀ ਕਲਾਸ ਵਿੱਚ ਲੋੜੀਂਦੇ ਅਧਿਆਪਕ ਮੌਜੂਦ ਨਹੀਂ ਸਨ।
ਘਟਨਾ ਤੋਂ ਬਾਅਦ ਮੁਲਜ਼ਮ ਵਿਦਿਆਰਥੀ ਦੇ ਮਾਪਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੰਨੀ ਛੋਟੀ ਉਮਰ ਦੇ ਬੱਚੇ ਨੇ ਇਸ ਤਰ੍ਹਾਂ ਦਾ ਹਮਲਾ ਕਿਹੜੇ ਹਾਲਾਤਾਂ ਵਿੱਚ ਕੀਤਾ। ਇਸ ਦੇ ਨਾਲ ਹੀ ਬੱਚੇ ਦੇ ਪਰਿਵਾਰਕ ਪਿਛੋਕੜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸਿੱਖਿਆ ਮੰਤਰੀ ਨੇ ਜਾਂਚ ਲਈ ਬਣਾਈ ਕਮੇਟੀ
ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਦੀ ਸੀਸੀਟੀਵੀ ਵੀਡੀਓ ਦੇਖੀ ਹੈ, ਜਿਸ ਨੂੰ ਪੂਰਾ ਦੇਖਣਾ ਵੀ ਬੇਹੱਦ ਮੁਸ਼ਕਲ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਦੇ ਪੱਧਰ 'ਤੇ ਇੱਕ ਕਮੇਟੀ ਬਣਾਈ ਗਈ ਹੈ। ਕਮੇਟੀ ਦੀ ਰਿਪੋਰਟ ਅੱਜ ਸ਼ਾਮ ਜਾਂ ਕੱਲ੍ਹ ਸਵੇਰ ਤੱਕ ਆਉਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।


Click it and Unblock the Notifications
