ਸ਼ਾਹਰੁਖ ਖਾਨ ਦੀ 'ਕਿੰਗ' ਨੇ ਰਿਲੀਜ਼ ਤੋਂ ਪਹਿਲਾਂ ਬਣਾਇਆ ਰਿਕਾਰਡ, 175 ਕਰੋੜ 'ਚ ਵਿਕੇ ਵਿਦੇਸ਼ੀ ਰਾਈਟਸ
ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਕਿੰਗ' (King) ਦੇ ਵਿਦੇਸ਼ੀ ਥੀਏਟਰਿਕਲ ਰਾਈਟਸ 175 ਕਰੋੜ ਰੁਪਏ ਵਿੱਚ ਵਿਕ ਗਏ ਹਨ। ਪਿੰਕਵਿਲਾ ਦੀ ਰਿਪੋਰਟ ਮੁਤਾਬਕ, ਫਾਰਸ ਫਿਲਮਜ਼ ਨੇ ਇਹ ਰਾਈਟਸ ਖਰੀਦੇ ਹਨ। ਇਸ ਡੀਲ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਓਵਰਸੀਜ਼ ਰਾਈਟਸ ਡੀਲ ਦੱਸਿਆ ਜਾ ਰਿਹਾ ਹੈ।
ਵਿਦੇਸ਼ਾਂ ਵਿੱਚ ਫਿਲਮ ਦੀ ਰਿਲੀਜ਼ ਲਈ ਇਹ ਇੱਕ ਵੱਡੀ ਡੀਲ ਮੰਨੀ ਜਾ ਰਹੀ ਹੈ। ਰਿਪੋਰਟ ਮੁਤਾਬਕ, ਆਪਣੀ ਲਾਗਤ ਪੂਰੀ ਕਰਨ ਅਤੇ ਨਾ ਮੁਨਾਫ਼ਾ ਨਾ ਨੁਕਸਾਨ ਵਾਲੀ ਸਥਿਤੀ (Break-even) ਤੱਕ ਪਹੁੰਚਣ ਲਈ ਫਿਲਮ 'ਕਿੰਗ' ਨੂੰ ਅੰਤਰਰਾਸ਼ਟਰੀ ਬਾਕਸ ਆਫਿਸ 'ਤੇ ਲਗਭਗ 350 ਤੋਂ 375 ਕਰੋੜ ਰੁਪਏ ਦੀ ਕਮਾਈ ਹਰ ਹਾਲ ਵਿੱਚ ਕਰਨੀ ਪਵੇਗੀ।

ਦੱਸ ਦੇਈਏ ਕਿ ਹੁਣ ਤੱਕ ਸ਼ਾਹਰੁਖ ਖਾਨ ਦੀਆਂ ਫਿਲਮਾਂ ਦੇ ਵਿਦੇਸ਼ੀ ਡਿਸਟ੍ਰੀਬਿਊਸ਼ਨ ਰਾਈਟਸ ਯਸ਼ਰਾਜ ਫਿਲਮਜ਼ ਕੋਲ ਰਹੇ ਹਨ। ਯਸ਼ਰਾਜ ਫਿਲਮਜ਼ ਨੇ ਸਾਲ 2023 ਵਿੱਚ ਸ਼ਾਹਰੁਖ ਦੀਆਂ ਫਿਲਮਾਂ 'ਪਠਾਨ' ਅਤੇ 'ਜਵਾਨ' ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਕੀਤਾ ਸੀ।
'ਸਾਹੋ' ਨੂੰ ਵਿਦੇਸ਼ਾਂ ਵਿੱਚ ਫਾਰਸ ਫਿਲਮਜ਼ ਨੇ ਕੀਤਾ ਸੀ ਰਿਲੀਜ਼
ਫਾਰਸ ਫਿਲਮਜ਼ ਨੂੰ ਵਿਦੇਸ਼ੀ ਫਿਲਮ ਡਿਸਟ੍ਰੀਬਿਊਸ਼ਨ ਦਾ ਕਾਫ਼ੀ ਤਜਰਬਾ ਹੈ। ਕੰਪਨੀ ਨੇ ਯਸ਼ਰਾਜ ਫਿਲਮਜ਼ ਦੀਆਂ ਕਈ ਫਿਲਮਾਂ ਨਾਲ ਸਾਂਝੇਦਾਰੀ ਵੀ ਕੀਤੀ ਹੈ। ਫਾਰਸ ਫਿਲਮਜ਼ ਨੇ ਪ੍ਰਭਾਸ ਦੀ ਫਿਲਮ 'ਸਾਹੋ' ਨੂੰ ਇਕੱਲੇ ਹੀ ਵਿਦੇਸ਼ਾਂ ਵਿੱਚ ਡਿਸਟ੍ਰੀਬਿਊਟ ਕੀਤਾ ਸੀ। ਰਿਪੋਰਟ ਮੁਤਾਬਕ, ਕੰਪਨੀ ਨੇ ਫਿਲਮ 'ਕਿੰਗ' ਦੇ ਰਾਈਟਸ ਖਰੀਦਣ ਲਈ 175 ਕਰੋੜ ਰੁਪਏ ਦੀ ਮਿਨੀਮਮ ਗਾਰੰਟੀ (MG) ਦਿੱਤੀ ਹੈ।
ਹੁਣ ਤੱਕ ਕਿਸੇ ਵੀ ਭਾਰਤੀ ਫਿਲਮ ਦੇ ਵਿਦੇਸ਼ੀ ਰਾਈਟਸ ਦੀ ਕੀਮਤ 100 ਕਰੋੜ ਰੁਪਏ ਤੱਕ ਨਹੀਂ ਪਹੁੰਚੀ ਸੀ। ਅਜਿਹੇ ਵਿੱਚ 'ਕਿੰਗ' ਦੀ ਇਹ ਡੀਲ ਇੱਕ ਨਵਾਂ ਰਿਕਾਰਡ ਮੰਨੀ ਜਾ ਰਹੀ ਹੈ। ਆਮ ਤੌਰ 'ਤੇ ਬਾਲੀਵੁੱਡ ਫਿਲਮਾਂ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਕਰਨ ਲਈ ਕਮਿਸ਼ਨ ਮਾਡਲ ਅਪਣਾਇਆ ਜਾਂਦਾ ਹੈ। ਇਸ ਮਾਡਲ ਤਹਿਤ ਡਿਸਟ੍ਰੀਬਿਊਟਰ ਫਿਲਮ ਦੇ ਰਾਈਟਸ ਖਰੀਦਣ ਦੀ ਬਜਾਏ ਉਸ ਦੀ ਕਮਾਈ ਵਿੱਚੋਂ ਕਮਿਸ਼ਨ ਲੈਂਦਾ ਹੈ।
ਯਸ਼ਰਾਜ ਫਿਲਮਜ਼ ਨੇ 'ਜਵਾਨ' ਅਤੇ 'ਡੰਕੀ' ਨੂੰ ਵਿਦੇਸ਼ਾਂ ਵਿੱਚ ਇਸੇ ਮਾਡਲ ਤਹਿਤ ਰਿਲੀਜ਼ ਕੀਤਾ ਸੀ। ਫਿਲਮ 'ਕਿੰਗ' ਲਈ ਵੀ ਪਹਿਲਾਂ ਇਹੀ ਯੋਜਨਾ ਬਣਾਈ ਗਈ ਸੀ, ਪਰ ਫਾਰਸ ਫਿਲਮਜ਼ ਵੱਲੋਂ ਵੱਡੀ ਰਕਮ ਦੀ ਪੇਸ਼ਕਸ਼ ਕੀਤੇ ਜਾਣ ਤੋਂ ਬਾਅਦ ਡੀਲ ਦਾ ਤਰੀਕਾ ਬਦਲ ਗਿਆ।
ਕ੍ਰਿਸਮਸ 2026 'ਤੇ ਹਾਲੀਵੁੱਡ ਫਿਲਮਾਂ ਨਾਲ ਹੋਵੇਗੀ ਵੱਡੀ ਟੱਕਰ
ਸ਼ਾਹਰੁਖ ਖਾਨ ਦੀ ਫਿਲਮ 'ਕਿੰਗ' ਕ੍ਰਿਸਮਸ 2026 ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਇਸ ਦੌਰਾਨ ਹਾਲੀਵੁੱਡ ਦੀਆਂ ਵੱਡੀਆਂ ਫਿਲਮਾਂ 'ਜੁਮਾਂਜੀ', 'ਐਵੇਂਜਰਜ਼: ਡੂਮਸਡੇ' ਅਤੇ 'ਡਿਊਨ 3' ਵੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣਗੀਆਂ। ਇਨ੍ਹਾਂ ਫਿਲਮਾਂ ਨਾਲ ਹੋਣ ਵਾਲੇ ਮੁਕਾਬਲੇ ਨੂੰ ਦੇਖਦਿਆਂ 'ਕਿੰਗ' ਦੀ ਵੱਡੇ ਪੱਧਰ 'ਤੇ ਥੀਏਟਰਿਕਲ ਰਿਲੀਜ਼ ਦੀ ਯੋਜਨਾ ਬਣਾਈ ਜਾ ਰਹੀ ਹੈ।
ਉੱਧਰ, ਇੱਕ ਦੂਜੀ ਰਿਪੋਰਟ ਮੁਤਾਬਕ, ਫਿਲਮ ਡਿਸਟ੍ਰੀਬਿਊਸ਼ਨ ਕੰਪਨੀ ਪੇਨ ਮਰੁਧਰ ਨੇ 'ਕਿੰਗ' ਦੇ ਆਲ ਇੰਡੀਆ ਡਿਸਟ੍ਰੀਬਿਊਸ਼ਨ ਰਾਈਟਸ 250 ਕਰੋੜ ਰੁਪਏ ਵਿੱਚ ਖਰੀਦ ਲਏ ਹਨ। ਦੱਸ ਦੇਈਏ ਕਿ ਪੇਨ ਮਰੁਧਰ ਦਾ ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਊਸ ਨਾਲ ਪੁਰਾਣਾ ਸਬੰਧ ਰਿਹਾ ਹੈ। ਇਹ ਕੰਪਨੀ ਪਹਿਲਾਂ ਵੀ ਸ਼ਾਹਰੁਖ ਦੀਆਂ ਫਿਲਮਾਂ 'ਜਵਾਨ', 'ਡੰਕੀ', 'ਜ਼ੀਰੋ', 'ਬਦਲਾ' ਅਤੇ 'ਇੱਤੇਫਾਕ' ਨੂੰ ਰਿਲੀਜ਼ ਕਰ ਚੁੱਕੀ ਹੈ।


Click it and Unblock the Notifications
