ਖੂਨਦਾਨ ਕੈਂਪ ਨੂੰ ਨਿਸ਼ਾਨਾ ਬਣਾਉਣ ਆਏ ਡੋਨੀ ਬੱਲ ਗਿਰੋਹ ਦੇ 2 ਕਥਿਤ ਸ਼ੂਟਰ ਢੇਰ !
ਮਰਹੂਮ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਗਰੇਵਾਲ ਉਰਫ਼ ਰਵੀ ਖਵਾਜਾਕੇ ਦੀ ਯਾਦ ਵਿੱਚ ਲਗਾਏ ਗਏ ਖੂਨਦਾਨ ਕੈਂਪ ਨੂੰ ਨਿਸ਼ਾਨਾ ਬਣਾਉਣ ਲਈ ਆਏ ਡੋਨੀ ਬੱਲ ਗਿਰੋਹ ਦੇ ਦੋ ਕਥਿਤ ਸ਼ੂਟਰਾਂ ਨੂੰ ਪੁਲਿਸ ਨੇ ਢੇਰ ਕਰ ਦਿੱਤਾ ਹੈ। ਕੁਝ ਸਾਲ ਪਹਿਲਾਂ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤੇ ਗਏ ਰਵੀ ਖਵਾਜਕੇ ਦੀ ਯਾਦ 'ਚ ਲਗਾਏ ਗਏ ਖੂਨਦਾਨ ਕੈਂਪ ਨੂੰ ਖੂਨ ਨਾਲ ਰੰਗਣ ਦੀ ਸਾਜ਼ਿਸ਼ ਨੂੰ ਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਾਕਾਮ ਕਰ ਦਿੱਤਾ। ਐਂਟੀ-ਗੈਂਗਸਟਰ ਟਾਸਕ ਫੋਰਸ ਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ਸਾਂਝੀ ਟੀਮ ਨੇ ਮੁਕਾਬਲੇ ਦੌਰਾਨ ਡੋਨੀ ਬੱਲ ਗਿਰੋਹ ਦੇ ਦੋ ਕਥਿਤ ਸ਼ੂਟਰ ਢੇਰ ਕਰ ਦਿੱਤੇ। ਪੁਲਿਸ ਮੁਤਾਬਕ ਦੋਵੇਂ ਕੈਂਪ 'ਚ ਗੋਲ਼ੀਬਾਰੀ ਕਰਨ ਦੇ ਇਰਾਦੇ ਨਾਲ ਲੁਧਿਆਣਾ ਪੁੱਜੇ ਸਨ। ਮਾਰੇ ਗਏ ਮੁਲਜ਼ਮਾਂ ਦੀ ਪਛਾਣ ਕਰਨਜੋਤ ਸਿੰਘ ਉਰਫ਼ ਨੋਨਾ ਤੇ ਸੰਦੀਪ ਸਿੰਘ, ਦੋਵੇਂ ਵਾਸੀ ਸੁਲਤਾਨਵਿੰਡ ਰੋਡ, ਅੰਮ੍ਰਿਤਸਰ, ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੋਂ ਤਿੰਨ ਆਧੁਨਿਕ ਆਟੋਮੈਟਿਕ ਪਿਸਤੌਲ ਤੇ ਕਰੀਬ 50 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਖ਼ਤਾ ਸੂਚਨਾ ਮਿਲਣ 'ਤੇ ਪੁਲਿਸ ਨੇ ਆਤਮ ਪਾਰਕ ਅੰਡਰਬ੍ਰਿਜ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਬਿਨਾਂ ਨੰਬਰ ਪਲੇਟ ਵਾਲੇ ਕਾਲੇ ਰੰਗ ਦੇ ਹੀਰੋ ਸਪਲੈਂਡਰ ਮੋਟਰਸਾਈਕਲ 'ਤੇ ਆ ਰਹੇ ਦੋ ਸ਼ੱਕੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ 'ਤੇ ਗੋਲ਼ੀਆਂ ਚਲਾ ਦਿੱਤੀਆਂ। ਪੁਲਿਸ ਮੁਤਾਬਕ ਹਮਲਾਵਰ ਨੇ ਕਈ ਫਾਇਰ ਕੀਤੇ। ਦੋ ਗੋਲ਼ੀਆਂ ਸਰਕਾਰੀ ਪੁਲਿਸ ਗੱਡੀ 'ਤੇ ਵੀ ਲੱਗੀਆਂ। ਇਸ ਤੋਂ ਬਾਅਦ ਪੁਲਿਸ ਨੇ ਆਤਮ-ਰੱਖਿਆ 'ਚ ਜਵਾਬੀ ਗੋਲ਼ੀਬਾਰੀ ਕੀਤੀ, ਜਿਸ 'ਚ ਦੋਵੇਂ ਸ਼ੂਟਰ ਮਾਰੇ ਗਏ। ਮੁਕਾਬਲੇ ਦੌਰਾਨ ਕਰੀਬ 25 ਗੋਲ਼ੀਆਂ ਚੱਲਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਡੋਨੀ ਬੱਲ ਤੇ ਸ਼ਗਨਪ੍ਰੀਤ ਦੇ ਸਿੱਧੇ ਸੰਪਰਕ 'ਚ ਸਨ ਤੇ ਉਨ੍ਹਾਂ ਨੂੰ ਐਤਵਾਰ ਨੂੰ ਦੁੱਗਰੀ ਰੋਡ ਸਥਿਤ ਮੈਰੀਲੈਂਡ ਪੈਲੇਸ 'ਚ ਲਗਾਏ ਖੂਨਦਾਨ ਕੈਂਪ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ।


Click it and Unblock the Notifications
