Speed Records ਵਾਲੇ ਦਿਨੇਸ਼ ਔਲਖ ਦੇ ਬੇਟੇ ਦਾ ਹੋਇਆ ਸਸਕਾਰ, ਪੁੱਤ ਦੀ ਚਿਖਾ ਨੂੰ ਮੁੱਖ ਅਗਨੀ ਦਿੰਦਿਆਂ ਭਾਵੁਕ ਹੋਏ ਦਿਨੇਸ਼ ਔਲਖ
ਜਲੰਧਰ ਵਿੱਚ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦੀ ਅੰਤਿਮ ਵਿਦਾਈ ਮੌਕੇ ਪੂਰਾ ਸ਼ਹਿਰ ਉਮੜ ਪਿਆ। ਬੁੱਧਵਾਰ ਦੁਪਹਿਰ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕਾਂ ਅਤੇ ਸਮਾਜ ਸੇਵੀਆਂ ਨੇ ਪਹੁੰਚ ਕੇ ਦਿਵਿਤ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ ਪਿਤਾ ਦਿਨੇਸ਼ ਔਲਖ ਨੇ ਚਿਖਾ ਨੂੰ ਮੁੱਖ ਅਗਨੀ ਦਿੱਤੀ।
ਅੰਤਿਮ ਸਸਕਾਰ ਮੌਕੇ ਪੰਜਾਬੀ ਸੰਗੀਤ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ। ਗਿੱਪੀ ਗਰੇਵਾਲ, ਰਣਜੀਤ ਬਾਵਾ, ਬੱਬੂ ਮਾਨ, ਜੈਜ਼ੀ ਬੀ, ਗਾਇਕ ਅੰਮ੍ਰਿਤ ਮਾਨ, ਪ੍ਰੀਤ ਹਰਪਾਲ ਅਤੇ ਸਤਿੰਦਰ ਸਰਤਾਜ ਸਮੇਤ ਕਈ ਕਲਾਕਾਰਾਂ ਨੇ ਦਿਵਿਤ ਦੀ ਅਰਥੀ ਨੂੰ ਮੋਢਾ ਦਿੱਤਾ। ਇਸ ਮੌਕੇ ਮੇਅਰ ਵਿਨੀਤ ਧੀਰ, ਕੈਬਨਿਟ ਮੰਤਰੀ ਮੋਹਿੰਦਰ ਭਗਤ ਸਮੇਤ ਕਈ ਸਿਆਸੀ ਆਗੂ ਵੀ ਮੌਜੂਦ ਰਹੇ।

ਪੁੱਤ ਨੂੰ ਆਖਰੀ ਵਿਦਾਈ ਦਿੰਦੇ ਹੋਏ ਦਿਨੇਸ਼ ਔਲਖ ਬੇਹੱਦ ਭਾਵੁਕ ਨਜ਼ਰ ਆਏ। ਉਨ੍ਹਾਂ ਦੇ ਹੰਝੂ ਨਹੀਂ ਰੁਕ ਰਹੇ ਸਨ। ਉੱਥੇ ਮੌਜੂਦ ਲੋਕਾਂ ਨੇ ਦਿਨੇਸ਼ ਔਲਖ ਨੂੰ ਸਾਂਭਿਆ। ਇਸ ਮੌਕੇ ਜਿੰਨੇ ਵੀ ਲੋਕ ਦਿਵਿਤ ਨੂੰ ਸ਼ਰਧਾਂਜ਼ਲੀ ਦੇਣ ਪਹੁੰਚੇ ਸਨ, ਉਨ੍ਹਾਂ ਨੇ ਇਹੀ ਗੱਲ ਕਹੀ ਕਿ ਦਿਵਿਤ ਦੇ ਜਾਣ ਨਾਲ ਪਰਿਵਾਰ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ।
ਸ਼ਨੀਵਾਰ ਰਾਤ ਸੜਕ ਹਾਦਸੇ ਵਿੱਚ ਹੋਈ ਸੀ ਮੌਤ
ਦੱਸ ਦੇਈਏ ਕਿ ਦਿਵਿਤ ਔਲਖ ਦੀ ਸ਼ਨੀਵਾਰ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਆਪਣੇ ਦੋਸਤਾਂ ਨਾਲ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਾਰ ਰਾਹੀਂ ਜਾ ਰਹੇ ਸਨ। ਇਸੇ ਦੌਰਾਨ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਖੜ੍ਹੀ ਨਗਰ ਨਿਗਮ ਦੀ ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਗੰਭੀਰ ਹਾਲਤ ਵਿੱਚ ਦਿਵਿਤ ਨੂੰ ਜਲੰਧਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।


Click it and Unblock the Notifications
