ਗੰਭੀਰ ਦੋਸ਼ਾਂ ਵਾਲੇ ਆਗੂਆਂ ਨੂੰ ਭਾਜਪਾ ਨੇ ਕੀਤਾ ਸ਼ਾਮਿਲ, ਪੰਜਾਬ ’ਚ ਭਾਜਪਾ ਕੋਲ ਨਾ ਲੀਡਰਸ਼ਿਪ ਨਾ ਏਜੰਡਾ -ਅਮਨ ਅਰੋੜਾ
ਆਮ ਆਦਮੀ ਪਾਰਟੀ ਦੇ 3 ਵਿਧਾਇਕਾਂ ਦੇ BJP ਜੁਆਇਨ ਕਰਨ ਤੋਂ ਬਾਅਦ ਆਪ ਪਾਰਟੀ ਨੇ ਭਾਜਪਾ 'ਤੇ ਤਿੱਖਾ ਹਮਲਾ ਬੋਲਿਆ ਹੈ। ਆਪ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਜਬਰ-ਜਨਾਹ ਦੇ ਦੋਸ਼ਾਂ, ਗੰਭੀਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਅਤੇ ਪੰਜਾਬ ਪੁਲਿਸ 'ਤੇ ਫਾਇਰਿੰਗ ਵਰਗੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਆਗੂਆਂ ਦੇ ਸਹਾਰੇ BJP ਪੰਜਾਬ ਜਿੱਤਣਾ ਚਾਹੁੰਦੀ ਹੈ।
ਇੱਕ ਬਿਆਨ ਵਿੱਚ, ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਗੂਆਂ ਨੂੰ ਇਸ ਲਈ ਸ਼ਾਮਲ ਕਰ ਰਹੀ ਹੈ ਕਿਉਂਕਿ ਪੰਜਾਬ ਵਿੱਚ ਉਸ ਕੋਲ ਲੀਡਰਸ਼ਿਪ, ਏਜੰਡਾ ਅਤੇ ਸੰਗਠਨਾਤਮਕ ਆਧਾਰ ਦੀ ਘਾਟ ਹੈ। ਉਨ੍ਹਾਂ ਕਿਹਾ, "ਕੱਲ੍ਹ ਪੰਜਾਬ ਨੇ ਦੇਖਿਆ ਕਿ ਭਾਜਪਾ ਦੂਜੀਆਂ ਪਾਰਟੀਆਂ ਦੇ ਉਨ੍ਹਾਂ ਆਗੂਆਂ ਨੂੰ ਸ਼ਾਮਲ ਕਰ ਰਹੀ ਹੈ ਜੋ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਚਾਹੇ ਉਹ ਭ੍ਰਿਸ਼ਟਾਚਾਰ, ਜਬਰ-ਜਨਾਹ ਜਾਂ ਪੁਲਿਸ 'ਤੇ ਫਾਇਰਿੰਗ ਦੀਆਂ ਘਟਨਾਵਾਂ ਨਾਲ ਸਬੰਧਤ ਹੋਣ।

ਅਮਨ ਅਰੋੜਾ ਨੇ ਅੱਗੇ ਕਿਹਾ, "ਪੰਜਾਬ ਦੇ ਲੋਕ ਸਭ ਕੁਝ ਚੰਗੀ ਤਰ੍ਹਾਂ ਸਮਝਦੇ ਹਨ। ਜੇਕਰ ਭਾਜਪਾ ਨੂੰ ਲੱਗਦਾ ਹੈ ਕਿ ਉਹ ਅਜਿਹੇ ਵਿਅਕਤੀਆਂ ਦੇ ਭਰੋਸੇ ਪੰਜਾਬ 'ਚ ਸਰਕਾਰ ਬਣਾ ਸਕਦੀ ਹੈ ਤਾਂ ਇਹ 'ਮੁੰਗੇਰੀ ਲਾਲ ਕੇ ਹਸੀਨ ਸਪਨੇ' ਤੋਂ ਵੱਧ ਕੁਝ ਨਹੀਂ ਹੈ। ਪੂਰੇ ਸੂਬੇ ਨੇ ਭਾਜਪਾ ਦੀਆਂ ਪੰਜਾਬ ਵਿਰੋਧੀ ਮਨਸ਼ਾਵਾਂ ਨੂੰ ਦੇਖ ਲਿਆ ਹੈ।"
ਬਲਤੇਜ਼ ਪੰਨੂ ਨੇ ਵੀ ਘੇਰੀ BJP
ਇਸ ਦੌਰਾਨ ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਭਾਜਪਾ ਉਨ੍ਹਾਂ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਜਸ਼ਨ ਮਨਾ ਰਹੀ ਹੈ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਪਹਿਲਾਂ ਹੀ ਲਾਂਭੇ ਕਰ ਦਿੱਤਾ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਜਬਰ-ਜਨਾਹ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ, ਜਦੋਂ ਕਿ ਦੂਜੇ ਨੇ ਮਾਸੂਮ ਬੱਚਿਆਂ ਦੀ ਜਾਨ ਜਾਣ 'ਤੇ ਵੀ ਕੋਈ ਸੰਵੇਦਨਸ਼ੀਲਤਾ ਨਹੀਂ ਦਿਖਾਈ। ਇਹੋ ਕਾਰਨ ਸਨ ਕਿ ਪਾਰਟੀ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਸੀ ਅਤੇ ਉਨ੍ਹਾਂ ਤੋਂ ਦੂਰੀ ਬਣਾ ਲਈ ਸੀ।"
ਬਲਤੇਜ ਪੰਨੂ ਨੇ ਅੱਗੇ ਕਿਹਾ, "ਦੋ ਜਾਂ ਤਿੰਨ ਵਿਅਕਤੀਆਂ ਦੇ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਸਾਡੀ ਪਾਰਟੀ ਆਪਣੇ ਸਿਧਾਂਤਾਂ ਅਤੇ ਪੰਜਾਬ ਪ੍ਰਤੀ ਆਪਣੀ ਵਚਨਬੱਧਤਾ 'ਤੇ ਕਾਇਮ ਹੈ। ਕੋਈ ਵੀ ਵਿਅਕਤੀ ਸੰਗਠਨ ਨਾਲੋਂ ਵੱਡਾ ਨਹੀਂ ਹੁੰਦਾ।"
ਇੱਕ ਬਿਆਨ ਵਿੱਚ 'ਆਪ' ਨੇ ਕਿਹਾ, "ਆਮ ਆਦਮੀ ਪਾਰਟੀ ਦਾ ਗਠਨ ਦੇਸ਼ ਦੀ ਰਾਜਨੀਤੀ ਨੂੰ ਬਦਲਣ ਅਤੇ ਇਸ ਨੂੰ ਭ੍ਰਿਸ਼ਟਾਚਾਰ, ਅਵਸਰਵਾਦ ਅਤੇ ਸੱਤਾ ਦੀ ਰਾਜਨੀਤੀ ਤੋਂ ਮੁਕਤ ਕਰਨ ਲਈ ਕੀਤਾ ਗਿਆ ਸੀ। ਸਾਡੇ ਲਈ ਪੰਜਾਬ ਦੇ ਹਿੱਤ ਹਮੇਸ਼ਾ ਨਿੱਜੀ ਆਗੂਆਂ, ਰਾਜਨੀਤਿਕ ਅਹੁਦਿਆਂ ਜਾਂ ਪਾਰਟੀ ਦੇ ਲਹਾਅ-ਫਾਇਦਿਆਂ ਤੋਂ ਉੱਪਰ ਰਹੇ ਹਨ। ਜਦੋਂ ਵੀ ਸਾਡੇ ਸੰਗਠਨ ਅੰਦਰ ਕਿਸੇ ਨੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕੰਮ ਕੀਤਾ ਹੈ ਜਾਂ ਪਾਰਟੀ ਦੇ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ, ਅਸੀਂ ਬਿਨਾਂ ਕਿਸੇ ਝਿਜਕ ਦੇ ਕਾਰਵਾਈ ਕੀਤੀ ਹੈ। ਅਸੀਂ ਇਹ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਪਾਰਟੀ ਦੇ ਸਿਧਾਂਤਾਂ ਜਾਂ ਪੰਜਾਬ ਦੇ ਹਿੱਤਾਂ ਤੋਂ ਵੱਡਾ ਨਹੀਂ ਹੈ।"


Click it and Unblock the Notifications
