ਰਾਈਜ਼ਿੰਗ ਸਟਾਰ ਏਸ਼ੀਆ ਕੱਪ ਲਈ ਇੰਡੀਆ-A ਟੀਮ ਦਾ ਐਲਾਨ, ਵੈਭਵ ਸੁਰਿਆਵੰਸ਼ੀ ਟੀਮ ਦਾ ਹਿੱਸਾ, ਤਿਲਕ ਵਰਮਾ ਨੂੰ ਮਿਲੀ ਕਪਤਾਨੀ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 2 ਨਵੰਬਰ ਨੂੰ ਰਾਈਜ਼ਿੰਗ ਸਟਾਰ ਏਸ਼ੀਆ ਕੱਪ ਲਈ 15 ਮੈਂਬਰੀ ਇੰਡੀਆ-A ਟੀਮ ਦਾ ਐਲਾਨ ਕਰ ਦਿੱਤਾ ਹੈ। ਤਿਲਕ ਵਰਮਾ ਨੂੰ ਟੀਮ ਦਾ ਕਪਤਾਨ ਅਤੇ ਰਜਤ ਪਾਟੀਦਾਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਟੀਮ ਵਿੱਚ ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ ਅਤੇ ਰਿੰਕੂ ਸਿੰਘ ਵਰਗੇ ਖਿਡਾਰੀਆਂ ਨੂੰ ਵੀ ਜਗ੍ਹਾ ਮਿਲੀ ਹੈ।ਇਹ ਟੂਰਨਾਮੈਂਟ 19 ਤੋਂ 29 ਨਵੰਬਰ ਤੱਕ ਕਤਰ ਦੀ ਰਾਜਧਾਨੀ ਦੋਹਾ ਵਿੱਚ ਖੇਡਿਆ ਜਾਵੇਗਾ। ਭਾਰਤ ਆਪਣਾ ਪਹਿਲਾ ਮੈਚ 20 ਨਵੰਬਰ ਨੂੰ ਨੇਪਾਲ ਖ਼ਿਲਾਫ਼ ਖੇਡੇਗਾ। ਇਸ ਤੋਂ ਬਾਅਦ 22 ਨਵੰਬਰ ਨੂੰ ਪਾਕਿਸਤਾਨ-A ਅਤੇ 24 ਨਵੰਬਰ ਨੂੰ UAE ਨਾਲ ਮੁਕਾਬਲਾ ਹੋਵੇਗਾ।

ਕੀ ਹੈ ਰਾਈਜ਼ਿੰਗ ਸਟਾਰ ਏਸ਼ੀਆ ਕੱਪ?
ਰਾਈਜ਼ਿੰਗ ਸਟਾਰ ਏਸ਼ੀਆ ਕੱਪ ਏਸ਼ੀਅਨ ਕ੍ਰਿਕਟ ਕੌਂਸਲ (ACC) ਦਾ ਟੂਰਨਾਮੈਂਟ ਹੈ। ਇਸ ਨੂੰ ਪਹਿਲਾਂ ਇਮਰਜਿੰਗ ਟੀਮ ਏਸ਼ੀਆ ਕੱਪ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਟੂਰਨਾਮੈਂਟ ਦਾ ਮੁੱਖ ਮਕਸਦ ਏਸ਼ੀਆ ਦੀਆਂ ਉੱਭਰਦੀਆਂ ਕ੍ਰਿਕਟ ਪ੍ਰਤਿਭਾਵਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦਾ ਤਜਰਬਾ ਦੇਣਾ ਹੈ। ਇਸ ਵਿੱਚ ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਦੀਆਂ A ਟੀਮਾਂ ਹਿੱਸਾ ਲੈਂਦੀਆਂ ਹਨ।
ਤਿਲਕ ਦੀ ਕਪਤਾਨੀ ਵਿੱਚ ਪਹਿਲਾਂ ਵੀ ਖੇਡ ਚੁੱਕੇ ਹਨ ਵੈਭਵ
ਤਿਲਕ ਵਰਮਾ ਦੀ ਕਪਤਾਨੀ ਵਿੱਚ ਵੈਭਵ ਸੂਰਿਆਵੰਸ਼ੀ ਪਹਿਲਾਂ ਵੀ ਇੰਡੀਆ-A ਲਈ ਖੇਡ ਚੁੱਕੇ ਹਨ। ਸ੍ਰੀਲੰਕਾ ਵਿੱਚ 2026 ਦੀ ਵਨਡੇ ਟ੍ਰਾਈ-ਨੇਸ਼ਨ A ਸੀਰੀਜ਼ ਦੌਰਾਨ ਵੈਭਵ ਨੇ 5 ਮੈਚਾਂ ਵਿੱਚ 211 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 200.95 ਰਿਹਾ ਸੀ।
12 ਸਾਲ ਦੀ ਉਮਰ 'ਚ ਰਣਜੀ ਟਰਾਫੀ ਵਿੱਚ ਵੈਭਵ ਨੇ ਕੀਤਾ ਡੈਬਿਊ
ਵੈਭਵ ਸੂਰਿਆਵੰਸ਼ੀ ਨੇ ਮਹਿਜ਼ 12 ਸਾਲ ਦੀ ਉਮਰ ਵਿੱਚ ਰਣਜੀ ਟਰਾਫੀ ਵਿੱਚ ਡੈਬਿਊ ਕੀਤਾ ਸੀ। ਰਾਜਸਥਾਨ ਰਾਇਲਜ਼ ਨੇ ਉਨ੍ਹਾਂ ਨੂੰ 2025 ਵਿੱਚ IPL ਖੇਡਣ ਦਾ ਮੌਕਾ ਦਿੱਤਾ। 14 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਗੁਜਰਾਤ ਟਾਈਟਨਸ ਖ਼ਿਲਾਫ਼ ਸਿਰਫ਼ 38 ਗੇਂਦਾਂ ਵਿੱਚ 101 ਦੌੜਾਂ ਬਣਾ ਕੇ IPL ਇਤਿਹਾਸ ਦਾ ਸਭ ਤੋਂ ਘੱਟ ਉਮਰ ਵਿੱਚ ਸੈਂਕੜਾ ਲਗਾਉਣ ਦਾ ਰਿਕਾਰਡ ਬਣਾਇਆ।
IPL 2026 ਵਿੱਚ ਵੈਭਵ ਨੇ 16 ਮੈਚਾਂ ਵਿੱਚ 776 ਦੌੜਾਂ ਬਣਾਈਆਂ ਅਤੇ 72 ਛੱਕੇ ਲਗਾਏ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਆਰੇਂਜ ਕੈਪ ਮਿਲੀ, ਜੋ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਨੂੰ ਦਿੱਤੀ ਜਾਂਦੀ ਹੈ।
ਰਾਈਜ਼ਿੰਗ ਸਟਾਰ ਏਸ਼ੀਆ ਕੱਪ ਦੇ ਪਿਛਲੇ ਸੀਜ਼ਨ ਵਿੱਚ ਵੀ ਉਹ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਸਨ। ਉਨ੍ਹਾਂ ਨੇ ਇੰਡੀਆ-A ਲਈ 4 ਮੈਚਾਂ ਵਿੱਚ 239 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਦੀ ਔਸਤ 59.75 ਅਤੇ ਸਟ੍ਰਾਈਕ ਰੇਟ 243.87 ਰਿਹਾ ਸੀ।


Click it and Unblock the Notifications
