ਪੰਜਾਬ ਨੂੰ ਪਹਿਲੀ ਵਾਰ ਲੋਕਾਂ ਲਈ ਕੰਮ ਕਰਨ ਵਾਲੀ ਸਰਕਾਰ ਮਿਲੀ -ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਸੂਬੇ ਨੂੰ ਪਹਿਲੀ ਵਾਰ ਅਜਿਹੀ ਸਰਕਾਰ ਮਿਲੀ ਹੈ, ਜੋ ਲੋਕਾਂ ਲਈ ਕੰਮ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ 'ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੀਤੇ ਗਏ ਕੰਮਾਂ ਦੇ ਆਧਾਰ 'ਤੇ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਦਾ ਭਰੋਸਾ ਜਿੱਤਿਆ ਹੈ।
ਧੂਰੀ ਹਲਕੇ ਦੇ ਇਨਕਲਾਬੀ ਪਿੰਡ ਮਿਮਸਾ ਵਿੱਚ ਲੋਕ ਮਿਲਣੀ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ, ਖੇਤਾਂ ਤੱਕ ਨਹਿਰੀ ਪਾਣੀ, ਸਰਕਾਰੀ ਯੋਜਨਾਵਾਂ ਰਾਹੀਂ ਪਰਿਵਾਰਾਂ ਦੀ ਹਰ ਮਹੀਨੇ ਲਗਭਗ 15,000 ਰੁਪਏ ਦੀ ਬੱਚਤ ਅਤੇ ਝੋਨੇ ਦੀ ਖ਼ਰੀਦ ਦੀ ਸਮੇਂ ਸਿਰ ਅਦਾਇਗੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਕੰਮ ਹੀ ਉਸ ਦੀ ਕਾਰਗੁਜ਼ਾਰੀ ਦਾ ਸਬੂਤ ਹਨ।

CM ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ਼ ਜ਼ੁਬਾਨੀ ਵਾਅਦੇ ਕੀਤੇ ਪਰ ਉਨ੍ਹਾਂ ਦੀ ਸਰਕਾਰ ਨੇ ਜ਼ਮੀਨੀ ਪੱਧਰ 'ਤੇ ਕੰਮ ਕਰਕੇ ਦਿਖਾਇਆ ਹੈ।
ਮਾਵਾਂ-ਧੀਆਂ ਯੋਜਨਾ ਦਾ ਜ਼ਿਕਰ
CM ਮਾਨ ਨੇ 'ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਜਿਕਰ ਕਰਦਿਆਂ ਕਿਹਾ ਕਿ ਮਾਵਾਂ ਅਤੇ ਭੈਣਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਉਨ੍ਹਾਂ ਦੇ ਸਤਿਕਾਰ ਅਤੇ ਸਵੈਮਾਣ ਨੂੰ ਮਾਨਤਾ ਦੇਣ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਖ਼ਜ਼ਾਨੇ ਦਾ ਇੱਕ-ਇੱਕ ਪੈਸਾ ਲੋਕਾਂ ਦਾ ਹੈ ਅਤੇ ਇਸ ਨੂੰ ਵਿਕਾਸ, ਬਿਹਤਰ ਜਨਤਕ ਸੇਵਾਵਾਂ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ 'ਤੇ ਸਮਝਦਾਰੀ ਨਾਲ ਖ਼ਰਚਿਆ ਜਾ ਰਿਹਾ ਹੈ।
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਇਲਾਜ ਦਾ ਜ਼ਿਕਰ
ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸਹੂਲਤਾਂ ਹਰ ਪਰਿਵਾਰ ਦੀ ਪਹੁੰਚ ਵਿੱਚ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਸਹੂਲਤ ਦੇਣ ਦਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਲੋਕਾਂ ਨੂੰ ਹਸਪਤਾਲ ਦੇ ਬਿੱਲਾਂ ਦੀ ਚਿੰਤਾ ਕੀਤੇ ਬਿਨਾਂ ਮਿਆਰੀ ਇਲਾਜ ਮੁਹੱਈਆ ਕਰਵਾਉਣਾ ਹੈ।
ਪੜ੍ਹੋ CBI ਰੇਡ 'ਤੇ ਕੀ ਬੋਲੇ CM ਭਗਵੰਤ ਮਾਨ
ਆਪਣੇ ਦਫ਼ਤਰ ਵਿੱਚ ਸੀਬੀਆਈ ਦੀ ਛਾਪੇਮਾਰੀ ਦਾ ਹਵਾਲਾ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਨੂੰ ਲੱਗਦਾ ਸੀ ਕਿ ਛਾਪੇਮਾਰੀ ਅਤੇ ਦਬਾਅ ਰਾਹੀਂ ਉਨ੍ਹਾਂ ਨੂੰ ਡਰਾਇਆ ਜਾ ਸਕਦਾ ਹੈ, ਪਰ ਉਨ੍ਹਾਂ ਦੇ ਦਫ਼ਤਰ ਵਿੱਚ ਛਾਪੇਮਾਰੀ ਤੋਂ ਬਾਅਦ ਸੀਬੀਆਈ ਖਾਲੀ ਹੱਥ ਪਰਤੀ। ਉਨ੍ਹਾਂ ਕਿਹਾ ਕਿ ਇਹ ਹਥਕੰਡਾ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਵਰਤਿਆ ਗਿਆ ਸੀ ਪਰ ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਅਨੁਸਾਰ, ਉਨ੍ਹਾਂ ਦੀ ਤਾਕਤ ਲੋਕਾਂ ਦਾ ਭਰੋਸਾ ਹੈ ਅਤੇ ਉਹ ਇਮਾਨਦਾਰੀ ਤੇ ਦ੍ਰਿੜ੍ਹਤਾ ਨਾਲ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
ਇਸਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ -ਪੰਜਾਬ ਦੇ ਲੋਕ ਮੇਰੇ ਲਈ ਬਾਹਰਲੇ ਨਹੀਂ ਹਨ, ਸਗੋਂ ਮੇਰਾ ਆਪਣਾ ਪਰਿਵਾਰ ਹਨ। ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਉਨ੍ਹਾਂ ਲਈ ਖੁੱਲ੍ਹੇ ਰਹੇ ਹਨ ਅਤੇ ਅੱਗੇ ਵੀ ਖੁੱਲ੍ਹੇ ਰਹਿਣਗੇ।"


Click it and Unblock the Notifications
