ਧਮਾਕਿਆਂ ਤੋਂ ਬਾਅਦ ਗਾਜ਼ਾ ’ਚ 7 ਮੰਜ਼ਿਲਾ ਇਮਾਰਤ ਮਲਬੇ ’ਚ ਤਬਦੀਲ, ਬੱਚਿਆਂ ਸਮੇਤ 20 ਦੀ ਮੌਤ
ਗਾਜ਼ਾ ਸ਼ਹਿਰ ਵਿੱਚ ਰਾਤ ਭਰ ਹੋਏ ਬੰਬ ਧਮਾਕਿਆਂ ਦੌਰਾਨ ਤਲ ਅਲ-ਹਵਾ ਇਲਾਕੇ ਵਿੱਚ ਇੱਕ ਸੱਤ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਢਹਿ ਗਈ। ਇਸ ਹਾਦਸੇ ਵਿੱਚ ਮਲਬੇ ਹੇਠ ਦਬਣ ਕਾਰਨ ਘੱਟੋ-ਘੱਟ 20 ਫ਼ਲਸਤੀਨੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਪੰਜ ਬੱਚੇ ਵੀ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਇਮਾਰਤ ਵਿੱਚ ਕਰੀਬ 10 ਪਰਿਵਾਰ ਰਹਿ ਰਹੇ ਸਨ। ਇਮਾਰਤ ਦੇ ਢਹਿਣ ਕਾਰਨ 14 ਲੋਕ ਜ਼ਖ਼ਮੀ ਹੋਏ ਹਨ, ਜਦਕਿ 100 ਤੋਂ ਵੱਧ ਲੋਕਾਂ ਦੇ ਹਾਲੇ ਵੀ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਗਾਜ਼ਾ ਸ਼ਹਿਰ ਦੀ ਸਿਵਲ ਡਿਫ਼ੈਂਸ ਸਰਵਿਸ ਦੇ ਡਾਇਰੈਕਟਰ ਰਾਏਦ ਅਲ-ਦਹਸ਼ਾਨ ਨੇ ਦੱਸਿਆ ਕਿ ਬਚਾਅ ਕਰਮੀਆਂ ਨੂੰ ਮਲਬੇ ਹੇਠੋਂ ਹਾਲੇ ਵੀ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਬਚਾਅ ਟੀਮਾਂ ਲਗਾਤਾਰ ਜ਼ਿੰਦਾ ਬਚੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਰਾਇਟਰਜ਼ ਵੱਲੋਂ ਪ੍ਰਾਪਤ ਇੱਕ ਵੀਡੀਓ ਵਿੱਚ ਬਚਾਅ ਕਰਮੀ ਡਿੱਗੀ ਹੋਈ ਕੰਧ ਦੇ ਹੇਠਾਂ ਫਸੇ ਦੋ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।
ਬਚਾਅ ਕਾਰਜ ਵਿੱਚ ਸਭ ਤੋਂ ਵੱਡੀ ਮੁਸ਼ਕਲ ਜ਼ਰੂਰੀ ਭਾਰੀ ਮਸ਼ੀਨਰੀ ਅਤੇ ਉਪਕਰਨਾਂ ਦੀ ਘਾਟ ਹੈ। ਮਲਬੇ ਹੇਠ ਲੋਕਾਂ ਦੇ ਫਸੇ ਹੋਣ ਕਾਰਨ ਬਚਾਅ ਕਾਰਜ ਵੀ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ। ਲੋਕ ਵੀ ਸਿਵਲ ਡਿਫ਼ੈਂਸ ਟੀਮਾਂ ਦੇ ਨਾਲ ਮਿਲ ਕੇ ਆਪਣੇ ਹੱਥਾਂ ਨਾਲ ਮਲਬਾ ਹਟਾ ਰਹੇ ਹਨ, ਤਾਂ ਜੋ ਕਿਸੇ ਵੀ ਜ਼ਿੰਦਾ ਵਿਅਕਤੀ ਨੂੰ ਬਾਹਰ ਕੱਢਿਆ ਜਾ ਸਕੇ।
ਲੋਕਾਂ ਨੂੰ ਬਚਾਉਣ ਲਈ ਆਪ੍ਰੇਸ਼ਨ ਜਾਰੀ
ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਦੇ ਗਾਜ਼ਾ ਦਫ਼ਤਰ ਦੇ ਮੁਖੀ ਐਲੇਸੈਂਡਰੋ ਮ੍ਰਾਕਿਕ ਨੇ ਦੱਸਿਆ ਕਿ ਬਚਾਅ ਕਾਰਜ ਵਿੱਚ ਮਿਸਰ ਦੀ ਰਾਹਤ ਏਜੰਸੀ ਦੇ ਨਾਲ ਕੁਝ ਸੰਯੁਕਤ ਰਾਸ਼ਟਰ ਏਜੰਸੀਆਂ ਦੇ ਬਚਾਅ ਕਰਮੀ ਵੀ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਗਾਜ਼ਾ ਵਿੱਚ ਕਰੀਬ 400 ਇਮਾਰਤਾਂ ਅਜਿਹੀਆਂ ਹਨ, ਜਿਨ੍ਹਾਂ ਦੇ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਫਿਲਹਾਲ ਬਚਾਅ ਟੀਮਾਂ ਵੱਲੋਂ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਆਪ੍ਰੇਸ਼ਨ ਜਾਰੀ ਹੈ।


Click it and Unblock the Notifications
