ਅੰਮ੍ਰਿਤਸਰ ਤੋਂ ਚੱਲਣਗੀਆਂ ਕਈ Special Trains, ਤਿਉਹਾਰਾਂ 'ਤੇ ਘਰ ਜਾਣ ਵਾਲਿਆਂ ਲਈ ਵੱਡੀ ਖ਼ਬਰ
ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਤੁਸੀਂ ਵੀ ਆਪਣੇ ਘਰ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਹੁਣ ਖੁਸ਼ ਹੋ ਜਾਓ ਕਿਉਂਕਿ ਤਿਓਹਾਰਾਂ ਵਿਚਾਲੇ ਉੱਤਰ ਰੇਲਵੇ ਨੇ ਕਈ ਨਵੀਆਂ ਸਪੈਸ਼ਲ ਟ੍ਰੇਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਰੇਲ ਗੱਡੀਆਂ ਵਿੱਚ ਵਧਣ ਵਾਲੀ ਭੀੜ ਨੂੰ ਦੇਖਦਿਆਂ ਉੱਤਰੀ ਰੇਲਵੇ ਵੱਲੋਂ ਯਾਤਰੀਆਂ ਲਈ ਵੱਡਾ ਕਦਮ ਚੁੱਕਿਆ ਗਿਆ ਹੈ।
ਰੇਲਵੇ ਨੇ ਅੰਮ੍ਰਿਤਸਰ ਤੋਂ ਕੋਲਕਾਤਾ ਅਤੇ ਬਰੌਨੀ ਵਿਚਕਾਰ ਤਿਉਹਾਰ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਪੰਜਾਬ ਤੋਂ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਜਾਣ ਵਾਲੇ ਯਾਤਰੀਆਂ ਨੂੰ ਵਾਧੂ ਰੇਲ ਸਹੂਲਤ ਮਿਲੇਗੀ। ਫਿਰੋਜ਼ਪੁਰ ਮੰਡਲ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਅੰਮ੍ਰਿਤਸਰ-ਕੋਲਕਾਤਾ-ਅੰਮ੍ਰਿਤਸਰ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਦੇ 8 ਅਤੇ ਅੰਮ੍ਰਿਤਸਰ-ਬਰੌਨੀ-ਅੰਮ੍ਰਿਤਸਰ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਦੇ 9 ਫੇਰੇ ਲਗਾਏ ਜਾਣਗੇ।

ਕਿਹੜੀ ਟ੍ਰੇਨ ਕਦੋਂ ਚੱਲੇਗੀ?
ਟ੍ਰੇਨ ਨੰਬਰ 04624 ਅੰਮ੍ਰਿਤਸਰ-ਕੋਲਕਾਤਾ ਸਪੈਸ਼ਲ 7 ਅਕਤੂਬਰ ਤੋਂ 25 ਨਵੰਬਰ ਤੱਕ ਹਰ ਬੁੱਧਵਾਰ ਰਾਤ 8:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਇਹ ਟ੍ਰੇਨ ਲਗਭਗ 42 ਘੰਟੇ 50 ਮਿੰਟ ਬਾਅਦ ਦੁਪਹਿਰ 3 ਵਜੇ ਕੋਲਕਾਤਾ ਪਹੁੰਚੇਗੀ।
ਵਾਪਸੀ ਵਿੱਚ ਟ੍ਰੇਨ ਨੰਬਰ 04623 ਕੋਲਕਾਤਾ-ਅੰਮ੍ਰਿਤਸਰ ਸਪੈਸ਼ਲ 10 ਅਕਤੂਬਰ ਤੋਂ 28 ਨਵੰਬਰ ਤੱਕ ਹਰ ਸ਼ਨੀਵਾਰ ਸਵੇਰੇ 4:45 ਵਜੇ ਕੋਲਕਾਤਾ ਤੋਂ ਚੱਲੇਗੀ ਅਤੇ ਲਗਭਗ 40 ਘੰਟੇ 20 ਮਿੰਟ ਬਾਅਦ ਰਾਤ 9:05 ਵਜੇ ਅੰਮ੍ਰਿਤਸਰ ਪਹੁੰਚੇਗੀ।
ਟ੍ਰੇਨ 'ਚ ਹੋਣਗੇ ਇਹ ਕੋਚ
ਦੋਵੇਂ ਸਪੈਸ਼ਲ ਟ੍ਰੇਨਾਂ ਵਿੱਚ 1 AC ਸੈਕਿੰਡ ਕਲਾਸ, 2 AC ਥਰਡ ਕਲਾਸ, 9 ਸਲੀਪਰ ਅਤੇ 6 ਜਨਰਲ ਕਲਾਸ ਦੇ ਕੋਚ ਹੋਣਗੇ। ਇਹ ਟ੍ਰੇਨਾਂ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਗੋਰਖਪੁਰ, ਮੁਜ਼ੱਫਰਪੁਰ, ਸਮਸਤੀਪੁਰ, ਬਰੌਨੀ, ਆਸਨਸੋਲ, ਦੁਰਗਾਪੁਰ ਅਤੇ ਬਰਧਮਾਨ ਸਮੇਤ ਕਈ ਪ੍ਰਮੁੱਖ ਸਟੇਸ਼ਨਾਂ 'ਤੇ ਰੁਕਣਗੀਆਂ।ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰ ਸਪੈਸ਼ਲ ਟ੍ਰੇਨਾਂ ਦਾ ਲਾਭ ਲੈ ਕੇ ਆਪਣੀ ਯਾਤਰਾ ਨੂੰ ਹੋਰ ਸੁਵਿਧਾਜਨਕ ਬਣਾਉਣ।
ਦੱਸ ਦਈਏ ਕਿ ਪੰਜਾਬ 'ਚ ਪਰਵਾਸੀ ਵੱਡੀ ਗਿਣਤੀ 'ਚ ਰਹਿੰਦੇ ਹਨ। ਇੱਥੇ ਰਹਿ ਕੇ ਕਮਾਈ ਕਰਕੇ ਉਹ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ। ਬਿਹਾਰ, ਉੱਤਰ ਪ੍ਰਦੇਸ਼, ਅਤੇ ਕੋਲਕਾਤਾ ਵਰਗੇ ਸੂਬਿਆਂ ਤੋਂ ਪੰਜਾਬ 'ਚ ਆ ਕੇ ਰਹਿਣ ਵਾਲੇ ਇਨ੍ਹਾਂ ਪ੍ਰਵਾਸੀਆਂ ਨੇ ਤਿਓਹਾਰਾਂ ਦੇ ਸੀਜ਼ਨ ਵਿੱਚ ਆਪਣੇ ਪਰਿਵਾਰਾਂ ਨੂੰ ਮਿਲਣ ਜਾਣਾ ਹੁੰਦਾ ਹੈ, ਪਰ ਅਜਿਹੇ ਮੌਕੇ ਲੋਕਾਂ ਦੀ ਵੱਡੀ ਗਿਣਤੀ ਹੋਣ ਕਰਕੇ ਨਾ ਤਾਂ ਟਰੇਨਾਂ 'ਚ ਰਿਜ਼ਰਵੇਸ਼ਨ ਮਿਲਦੀ ਹੈ ਅਤੇ ਨਾ ਹੀ ਭੀੜ ਹੋਣ ਕਰਕੇ ਸੁਖਾਲ਼ਾ ਸਫ਼ਰ ਹੁੰਦਾ ਹੈ, ਪਰ ਹੁਣ ਸਪੈਸ਼ਲ ਟ੍ਰੇਨਾਂ ਕਰਕੇ ਲੋਕਾਂ ਦੀ ਭੀੜ ਨੂੰ ਤਿਓਹਾਰਾਂ ਦੇ ਸੀਜ਼ਨ 'ਚ ਮੈਨੇਜ ਕਰਨ ਵਿੱਚ ਮੱਦਦ ਜਰੂਰ ਮਿਲੇਗੀ।


Click it and Unblock the Notifications
