ਭਾਰਤੀ ਜਹਾਜ਼ ਨਾਲ ਟਕਰਾਇਆ ਪਾਕਿਸਤਾਨੀ ਨੇਵੀ ਦਾ PNS ਹੁਨੈਨ! ਦਿੱਲੀ ’ਚ ਪਾਕਿਸਤਾਨੀ ਅਧਿਕਾਰੀ ਤਲਬ
ਪਾਕਿਸਤਾਨੀ ਜਲ ਸੈਨਾ ਦਾ ਇੱਕ ਜਹਾਜ਼ ਅਰਬ ਸਾਗਰ ਦੇ ਅੰਤਰਰਾਸ਼ਟਰੀ ਸਮੁੰਦਰੀ ਖੇਤਰ ਵਿੱਚ ਭਾਰਤੀ ਜਲ ਸੈਨਾ ਦੇ ਇੱਕ ਜੰਗੀ ਜਹਾਜ਼ ਨਾਲ ਟਕਰਾ ਗਿਆ। ਹਾਲਾਂਕਿ ਘਟਨਾ ਕਦੋਂ ਵਾਪਰੀ, ਇਸ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ, ਭਾਰਤੀ ਜੰਗੀ ਜਹਾਜ਼ ਉੱਤਰੀ ਅਰਬ ਸਾਗਰ ਵਿੱਚ ਨਿਯਮਤ ਨਿਗਰਾਨੀ ਮਿਸ਼ਨ 'ਤੇ ਸੀ। ਇਸੇ ਦੌਰਾਨ ਪਾਕਿਸਤਾਨੀ ਜਹਾਜ਼ ਤੇਜ਼ ਰਫ਼ਤਾਰ ਨਾਲ ਭਾਰਤੀ ਜਹਾਜ਼ ਦੇ ਨੇੜੇ ਆਇਆ ਅਤੇ ਆਪਣੀ ਦਿਸ਼ਾ ਗਲਤ ਤਰੀਕੇ ਨਾਲ ਬਦਲ ਲਈ। ਇਸ ਕਾਰਨ ਦੋਵੇਂ ਜਹਾਜ਼ ਆਪਸ ਵਿੱਚ ਟਕਰਾ ਗਏ।

ਪਾਕਿਸਤਾਨੀ ਜਹਾਜ਼ PNS ਹੁਨੈਨ ਹੋਣ ਦੀ ਜਾਣਕਾਰੀ
ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਟੱਕਰ ਵਿੱਚ ਸ਼ਾਮਲ ਪਾਕਿਸਤਾਨੀ ਜਹਾਜ਼ ਦਾ ਨਾਮ PNS ਹੁਨੈਨ ਹੈ। ਇਸ ਜਹਾਜ਼ ਦੀ ਵਰਤੋਂ ਸਮੁੰਦਰੀ ਨਿਗਰਾਨੀ ਅਤੇ ਗਸ਼ਤ ਲਈ ਕੀਤੀ ਜਾਂਦੀ ਹੈ। ਟੱਕਰ ਕਾਰਨ PNS ਹੁਨੈਨ ਨੂੰ ਨੁਕਸਾਨ ਪਹੁੰਚਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ, ਭਾਰਤੀ ਜਲ ਸੈਨਾ ਦੇ ਜਿਸ ਜਹਾਜ਼ ਨਾਲ PNS ਹੁਨੈਨ ਦੀ ਟੱਕਰ ਹੋਈ, ਉਸ ਦਾ ਨਾਮ ਅਜੇ ਜਨਤਕ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਟੱਕਰ ਦੀ ਸਹੀ ਥਾਂ ਬਾਰੇ ਵੀ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਭਾਰਤ ਨੇ ਪਾਕਿਸਤਾਨ ਸਾਹਮਣੇ ਦਰਜ ਕਰਾਇਆ ਵਿਰੋਧ
ਘਟਨਾ ਤੋਂ ਬਾਅਦ ਭਾਰਤ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ'ਅਫੇਅਰਜ਼ ਨੂੰ ਤਲਬ ਕੀਤਾ। ਭਾਰਤ ਨੇ ਇਸ ਘਟਨਾ ਨੂੰ ਲੈ ਕੇ ਸਖ਼ਤ ਵਿਰੋਧ ਦਰਜ ਕਰਵਾਇਆ ਅਤੇ ਇਸਨੂੰ ਅਸਵੀਕਾਰਯੋਗ ਅਤੇ ਗੈਰ-ਪੇਸ਼ੇਵਰ ਕਰਾਰ ਦਿੱਤਾ। ਨਿਊਜ਼ ਏਜੰਸੀ ਮੁਤਾਬਕ ਪਾਕਿਸਤਾਨੀ ਜਹਾਜ਼ ਦੇ ਭਾਰਤੀ ਜੰਗੀ ਜਹਾਜ਼ ਦੇ ਨੇੜੇ ਆਉਣ ਤੋਂ ਬਾਅਦ ਦੋਵੇਂ ਜਹਾਜ਼ਾਂ ਵਿਚਕਾਰ ਦੂਰੀ ਲਗਾਤਾਰ ਘਟਦੀ ਗਈ। ਇਸ ਤੋਂ ਬਾਅਦ ਦੋਵੇਂ ਜਹਾਜ਼ਾਂ ਦੀ ਟੱਕਰ ਹੋ ਗਈ।
2011 'ਚ ਵੀ ਹੋਈ ਸੀ ਦੋਵੇਂ ਦੇਸ਼ਾਂ ਦੇ ਜਹਾਜ਼ਾਂ ਵਿਚਕਾਰ ਟੱਕਰ
ਭਾਰਤ ਅਤੇ ਪਾਕਿਸਤਾਨ ਦੀਆਂ ਜਲ ਸੈਨਾਵਾਂ ਦੇ ਜਹਾਜ਼ਾਂ ਵਿਚਕਾਰ ਸਮੁੰਦਰ ਵਿੱਚ ਟੱਕਰ ਦਾ ਇਹ ਪਹਿਲਾ ਮਾਮਲਾ ਨਹੀਂ ਹੈ। 2011 ਵਿੱਚ ਭਾਰਤੀ ਜਲ ਸੈਨਾ ਦੇ INS ਗੋਦਾਵਰੀ ਅਤੇ ਪਾਕਿਸਤਾਨੀ ਜਲ ਸੈਨਾ ਦੇ PNS ਬਾਬਰ ਵਿਚਕਾਰ ਵੀ ਟੱਕਰ ਹੋਈ ਸੀ। ਉਸ ਸਮੇਂ ਪਾਕਿਸਤਾਨ ਨੇ ਦੋਸ਼ ਲਗਾਇਆ ਸੀ ਕਿ ਭਾਰਤੀ ਜਹਾਜ਼ ਨੇ ਉਸਦੇ ਕੰਮ ਵਿੱਚ ਰੁਕਾਵਟ ਪਾਈ ਅਤੇ ਖ਼ਤਰਨਾਕ ਢੰਗ ਨਾਲ ਜਹਾਜ਼ ਚਲਾਇਆ। ਭਾਰਤ ਨੇ ਇਸ ਦੋਸ਼ ਨੂੰ ਰੱਦ ਕਰਦਿਆਂ ਕਿਹਾ ਸੀ ਕਿ PNS ਬਾਬਰ ਨੇ INS ਗੋਦਾਵਰੀ ਨੂੰ ਸੱਜੇ ਪਾਸੇ ਤੋਂ ਪਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਹ ਭਾਰਤੀ ਜਹਾਜ਼ ਦੇ ਹੈਲੀਕਾਪਟਰ ਡੈੱਕ ਵਾਲੇ ਹਿੱਸੇ ਨਾਲ ਟਕਰਾ ਗਿਆ। ਇਸ ਘਟਨਾ ਵਿੱਚ ਭਾਰਤੀ ਜਹਾਜ਼ ਦੇ ਹੈਲੀਕਾਪਟਰ ਦਾ ਜਾਲ ਨੁਕਸਾਨਿਆ ਗਿਆ ਸੀ। ਭਾਰਤ ਨੇ ਉਸ ਸਮੇਂ ਵੀ 1991 ਦੇ ਸਮਝੌਤੇ ਦੇ ਆਰਟੀਕਲ 10 ਦਾ ਹਵਾਲਾ ਦਿੰਦਿਆਂ ਪਾਕਿਸਤਾਨ ਸਾਹਮਣੇ ਵਿਰੋਧ ਦਰਜ ਕਰਵਾਇਆ ਸੀ।


Click it and Unblock the Notifications
