9 ਸਾਲ ਬਾਅਦ ਸਿੰਮੀ ਚਾਹਲ ਤੇ ਮੈਂਡੀ ਤੱਖਰ ਦੀ ਵਾਪਸੀ, ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਟ੍ਰੇਲਰ ਰਿਲੀਜ਼
ਪੰਜਾਬੀ ਫਿਲਮ 'ਟੁੱਟ ਪੈਣੀ ਇੰਗਲਿਸ਼ ਨੇ' ਦਾ ਅਧਿਕਾਰਤ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਫਿਲਮ ਨੂੰ ਲੈ ਕੇ ਦਰਸ਼ਕਾਂ ਦੀ ਉਤਸੁਕਤਾ ਹੋਰ ਵਧ ਗਈ ਹੈ। ਫਿਲਮ ਵਿੱਚ ਸਿੰਮੀ ਚਾਹਲ ਅਤੇ ਮੈਂਡੀ ਤੱਖਰ ਕਰੀਬ 9 ਸਾਲ ਬਾਅਦ ਮੁੜ ਇਕੱਠੀਆਂ ਵੱਡੇ ਪਰਦੇ 'ਤੇ ਨਜ਼ਰ ਆਉਣਗੀਆਂ।
ਇਨ੍ਹੀਂ-ਦਿਨੀਂ ਮੈਂਡੀ ਤੱਖਰ ਅਤੇ ਸਿਮੀ ਚਹਿਲ ਇਕੱਠਿਆਂ ਇਸ ਫ਼ਿਲਮ ਦਾ ਪ੍ਰਮੋਸ਼ਨ ਕਰਦਿਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੀ ਰੀਲਾਂ ਨੂੰ ਵੀ ਲੋਕ ਬਹੁਤ ਪਿਆਰ ਦੇ ਰਹੇ ਹਨ। ਟ੍ਰੇਲਰ ਵਿੱਚ ਫਿਲਮ ਦੀ ਕਹਾਣੀ ਹਾਸੇ-ਮਜ਼ਾਕ, ਪਰਿਵਾਰਕ ਡਰਾਮੇ ਅਤੇ ਭਾਵਨਾਵਾਂ ਨਾਲ ਭਰਪੂਰ ਦਿਖਾਈ ਦਿੰਦੀ ਹੈ।

ਫਿਲਮ ਦੀ ਕਹਾਣੀ ਪੰਜਾਬੀ ਸਮਾਜ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਦਿੱਤੀ ਜਾ ਰਹੀ ਵਧਦੀ ਤਵੱਜੋ ਅਤੇ ਇਸ ਨਾਲ ਜੁੜੇ ਸਮਾਜਿਕ ਦਿਖਾਵੇ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਸਿੰਮੀ ਚਾਹਲ, ਸਤਵਿੰਦਰ ਸਿੰਘ ਅਤੇ ਮੈਂਡੀ ਤੱਖਰ ਮੁੱਖ ਭੂਮਿਕਾਵਾਂ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਅੰਜੁਮ ਬੱਤਰਾ, ਰੁਪਿੰਦਰ ਰੂਪੀ, ਸਤਵੰਤ ਕੌਰ, ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਗਿੱਲ, ਰਾਜਿੰਦਰ ਮੋਹਨ, ਜੋਤ ਅੰਮੂ ਅਤੇ ਤਨਵੀ ਸ਼ਰਮਾ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਮੈਂਡੀ ਤੱਖਰ ਅਤੇ ਸਿਮੀ ਚਹਿਲ ਦੋਵੇਂ ਅਦਾਕਾਰਾਂ ਇਸ ਤੋਂ ਪਹਿਲਾਂ ਸਾਲ 2017 ਵਿੱਚ ਰਿਲੀਜ਼ ਹੋਈ ਫਿਲਮ 'ਰੱਬ ਦਾ ਰੇਡੀਓ' ਵਿੱਚ ਇਕੱਠਿਆਂ ਨਜ਼ਰ ਆਈਆਂ ਸਨ , ਉਸ ਫ਼ਿਲਮ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ , ਦੋਵਾਂ ਦੀ ਜੋਡੀ ਨੂੰ ਰੱਜ ਕੇ ਪਸੰਦ ਕੀਤਾ ਗਿਆ ਸੀ ।ਹੁਣ ਲੰਬੇ ਵਕਫੇ ਤੋਂ ਬਾਅਦ ਉਨ੍ਹਾਂ ਦੀ ਜੋੜੀ 'ਟੁੱਟ ਪੈਣੀ ਇੰਗਲਿਸ਼ ਨੇ' ਰਾਹੀਂ ਮੁੜ ਦਰਸ਼ਕਾਂ ਦੇ ਸਾਹਮਣੇ ਆ ਰਹੀ ਹੈ।
ਵਰਿੰਦਰ ਸ਼ਰਮਾ ਨੇ ਕੀਤਾ ਨਿਰਦੇਸ਼ਨ
'ਟੁੱਟ ਪੈਣੀ ਇੰਗਲਿਸ਼ ਨੇ' ਦਾ ਨਿਰਦੇਸ਼ਨ ਵਰਿੰਦਰ ਸ਼ਰਮਾ ਨੇ ਕੀਤਾ ਹੈ, ਜਦਕਿ ਫਿਲਮ ਦੀ ਕਹਾਣੀ ਅਤੇ ਸਕ੍ਰਿਪਟ ਜੱਸ ਗਰੇਵਾਲ ਨੇ ਲਿਖੀ ਹੈ। ਫਿਲਮ ਨੂੰ ਮਾਨ ਕੌਰ, ਮਨਿੰਦਰ ਸਿੰਘ, ਗੀਤਾ ਅਗਰਵਾਲ ਅਤੇ ਰਾਜਿੰਦਰ ਸ਼ਰਮਾ ਨੰਨੂ ਵੱਲੋਂ ਤਿਆਰ ਕੀਤਾ ਗਿਆ ਹੈ।
25 ਸਤੰਬਰ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੁਣ ਦਰਸ਼ਕਾਂ ਦੀ ਨਜ਼ਰ ਫਿਲਮ ਦੀ ਰਿਲੀਜ਼ 'ਤੇ ਹੈ। 'ਟੁੱਟ ਪੈਣੀ ਇੰਗਲਿਸ਼ ਨੇ' 25 ਸਤੰਬਰ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।


Click it and Unblock the Notifications
