ਹੁਸ਼ਿਆਰਪੁਰ ਦੇ ਮਾਸੂਮ ਹਰਬੀਰ ਦੇ ਕਾਤਲ ਨੂੰ ਸਜ਼ਾ-ਏ-ਮੌਤ, ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ
ਪਿਛਲੇ ਸਾਲ 9 ਸਤੰਬਰ ਨੂੰ ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਤੋਂ ਅਗਵਾ ਕੀਤੇ ਗਏ ਪੰਜ ਸਾਲਾ ਮਾਸੂਮ ਹਰਬੀਰ ਦੇ ਕਤਲ ਮਾਮਲੇ ਵਿੱਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਮਨਪ੍ਰੀਤ ਕੌਰ, ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।
ਇਸ ਵਾਰਦਾਤ ਨੇ ਪੂਰੇ ਹੁਸ਼ਿਆਰਪੁਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਮਾਸੂਮ ਨੂੰ ਘਰ ਦੇ ਬਾਹਰੋਂ ਆਪਣੇ ਨਾਲ ਲਿਜਾਣ ਤੋਂ ਬਾਅਦ ਦੋਸ਼ੀ ਉਸਨੂੰ ਸ਼ਮਸ਼ਾਨਘਾਟ ਲੈ ਗਿਆ। ਦੋਸ਼ੀ ਵੱਲੋਂ ਬੱਚੇ ਨਾਲ ਬਦਫੈਲੀ ਕਰਨ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ।ਇਸ ਮਾਮਲੇ 'ਚ ਮਾਸੂਮ ਬੱਚੇ ਦਾ ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਸੀ।

ਘਰ ਦੇ ਬਾਹਰੋਂ ਹੋਇਆ ਸੀ ਮਾਸੂਮ ਅਗਵਾ
ਨਿਊ ਦੀਪ ਨਗਰ ਵਿੱਚ ਹਰਬੀਰ ਘਰ ਦੇ ਬਾਹਰ ਮੌਜੂਦ ਸੀ। ਇਸੇ ਦੌਰਾਨ ਦੋਸ਼ੀ ਉਸਨੂੰ ਆਪਣੇ ਨਾਲ ਲੈ ਗਿਆ। ਕੁਝ ਸਮੇਂ ਬਾਅਦ ਜਦੋਂ ਬੱਚਾ ਨਜ਼ਰ ਨਾ ਆਇਆ ਤਾਂ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਮਾਮਲਾ ਜਦੋਂ ਪੁਲਿਸ ਕੋਲ਼ ਪਹੁੰਚਿਆ ਤਾਂ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਨੇ ਇਲਾਕੇ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਮਾਸੂਮ ਦੇ ਕਤਲ ਦੀ ਖ਼ਬਰ ਤੋਂ ਬਾਅਦ ਇਲਾਕੇ ਵਿੱਚ ਸੋਗ ਦੇ ਨਾਲ ਭਾਰੀ ਰੋਸ ਵੀ ਫੈਲ ਗਿਆ ਸੀ। ਲੋਕਾਂ ਵੱਲੋਂ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ।
ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਅਤੇ ਕੇਸ ਅਦਾਲਤ ਵਿੱਚ ਪਹੁੰਚਿਆ। ਸੁਣਵਾਈ ਦੌਰਾਨ ਸਰਕਾਰੀ ਪੱਖ ਵੱਲੋਂ ਮਾਮਲੇ ਨਾਲ ਸਬੰਧਤ ਸਬੂਤ ਅਤੇ ਹੋਰ ਤੱਥ ਅਦਾਲਤ ਸਾਹਮਣੇ ਪੇਸ਼ ਕੀਤੇ ਗਏ। ਮਾਮਲੇ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਐਡੀਸ਼ਨਲ ਸੈਸ਼ਨ ਜੱਜ ਮਨਪ੍ਰੀਤ ਕੌਰ ਦੀ ਅਦਾਲਤ ਨੇ ਮੁਜ਼ਰਿਮ ਨੂੰ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਪੀੜਤ ਪਰਿਵਾਰ ਨੂੰ ਲੰਬੇ ਇੰਤਜ਼ਾਰ ਮਗਰੋਂ ਇਨਸਾਫ਼ ਮਿਲਿਆ ਹੈ।


Click it and Unblock the Notifications
