ਸੰਗਰੂਰ 'ਚ ਵੱਡਾ ਬੱਸ ਹਾਦਸਾ, PRTC ਬੱਸ ਪਲਟੀ; 3 ਦੀ ਮੌਤ, 26 ਜ਼ਖ਼ਮੀ, ਹਾਦਸੇ 'ਤੇ CM ਮਾਨ ਨੇ ਪ੍ਰਗਟਾਇਆ ਦੁੱਖ
ਪੰਜਾਬ ਵਿੱਚ ਅੱਜ ਸਵੇਰੇ ਵੱਡਾ ਬੱਸ ਹਾਦਸਾ ਵਾਪਰਿਆ ਹੈ। ਚੰਡੀਗੜ੍ਹ ਜਾ ਰਹੀਆਂ ਸਵਾਰੀਆਂ ਨਾਲ ਭਰੀ PRTC ਦੀ ਤੜਕੇ ਸੰਗਰੂਰ ਵਿੱਚ ਓਵਰਬ੍ਰਿਜ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਦਰਦਨਾਕ ਹਾਦਸੇ ਵਿੱਚ 2 ਔਰਤਾਂ ਸਮੇਤ 3 ਸਵਾਰੀਆਂ ਦੀ ਮੌਤ ਹੋ ਗਈ।
ਹਾਦਸੇ ਵਿੱਚ 26 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਸਾਮ੍ਹਣੇ ਆਈ ਹੈ। ਜ਼ਖ਼ਮੀਆਂ ਵਿੱਚੋਂ 15 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਡਰਾਈਵਰ ਨਿਰਧਾਰਤ ਸਮੇਂ ਤੋਂ ਲੇਟ ਹੋ ਗਿਆ ਸੀ। ਸਮੇਂ ਦੀ ਭਰਪਾਈ ਕਰਨ ਲਈ ਉਹ ਬੱਸ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਇਸੇ ਦੌਰਾਨ ਬੱਸ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ।

ਸੰਗਰੂਰ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਸੀ ਬੱਸ, 10 ਮਿੰਟ ਲੇਟ ਸੀ
ਪੁਲਿਸ ਮੁਤਾਬਕ PRTC ਦੀ ਬੱਸ (PB13BN6053) ਸੰਗਰੂਰ ਤੋਂ ਪਟਿਆਲਾ ਰਾਹੀਂ ਚੰਡੀਗੜ੍ਹ ਜਾਂਦੀ ਹੈ। ਬੱਸ ਦੇ ਸਵੇਰੇ 4:30 ਵਜੇ ਸੰਗਰੂਰ ਤੋਂ ਰਵਾਨਾ ਹੋਣ ਦਾ ਸਮਾਂ ਨਿਰਧਾਰਤ ਸੀ, ਪਰ ਬੁੱਧਵਾਰ ਤੜਕੇ ਡਰਾਈਵਰ 10 ਮਿੰਟ ਲੇਟ ਹੋ ਗਿਆ। ਇਸ ਕਾਰਨ ਬੱਸ ਸਵੇਰੇ 4:40 ਵਜੇ ਸੰਗਰੂਰ ਬੱਸ ਸਟੈਂਡ ਤੋਂ ਰਵਾਨਾ ਹੋਈ। ਜਾਣਕਾਰੀ ਅਨੁਸਾਰ, ਬੱਸ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸੰਗਰੂਰ ਦੇ ਧੂਰੀ ਵਾਲੇ ਪਾਸੇ ਤੋਂ ਪਟਿਆਲਾ ਵੱਲ ਆ ਰਹੀ ਸੀ। ਡ੍ਰੀਮਲੈਂਡ ਕਾਲੋਨੀ ਤੋਂ ਅੱਗੇ ਮਸਤੂਆਣਾ ਸਾਹਿਬ ਨੇੜੇ ਬੱਸ ਬੇਕਾਬੂ ਹੋ ਕੇ ਸੱਜੇ ਪਾਸੇ ਪੁਲ ਦੀ ਕੰਧ ਨਾਲ ਟਕਰਾ ਗਈ। ਇਸ ਤੋਂ ਬਾਅਦ ਡਰਾਈਵਰ ਨੇ ਸਟੀਅਰਿੰਗ ਖੱਬੇ ਪਾਸੇ ਮੋੜਿਆ ਤਾਂ ਬੱਸ ਕੱਚੇ ਰਸਤੇ 'ਤੇ ਉਤਰ ਗਈ।
ਖੇਤਾਂ ਵਿੱਚ ਪਲਟੀ ਬੱਸ, ਝਾੜੀਆਂ ਵਿੱਚ ਜਾ ਕੇ ਦਰੱਖਤ ਨਾਲ ਟਕਰਾਈ
ਪਲਟਦੀ ਹੋਈ ਬੱਸ ਝਾੜੀਆਂ ਵਿੱਚ ਜਾ ਵੜੀ ਅਤੇ ਇੱਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਰੁਕੀ। ਹਾਦਸੇ ਕਾਰਨ ਬੱਸ ਦੇ ਸ਼ੀਸ਼ੇ ਟੁੱਟ ਗਏ ਅਤੇ ਸੀਟਾਂ 'ਤੇ ਬੈਠੀਆਂ ਸਵਾਰੀਆਂ ਇੱਕ-ਦੂਜੀ ਉੱਪਰ ਜਾ ਡਿੱਗੀਆਂ। ਹਾਦਸੇ ਤੋਂ ਬਾਅਦ ਬੱਸ ਵਿੱਚ ਚੀਕ-ਚਿਹਾੜਾ ਮਚ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਆਵਾਜ਼ ਸੁਣ ਕੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਵਾਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ।
ਜਿਨ੍ਹਾਂ ਸਵਾਰੀਆਂ ਨੂੰ ਘੱਟ ਸੱਟਾਂ ਲੱਗੀਆਂ ਸਨ, ਉਹ ਖੁਦ ਹੀ ਬੱਸ ਵਿੱਚੋਂ ਬਾਹਰ ਆ ਗਈਆਂ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ 26 ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ।
ਮੁਲਜ਼ਮ ਡਰਾਈਵਰ ਖਿਲਾਫ਼ ਪੁਲਿਸ ਨੇ ਦਰਜ਼ ਕੀਤਾ ਮਾਮਲਾ
ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਡਰਾਈਵਰ ਨੇ ਸਮੇਂ ਦੀ ਭਰਪਾਈ ਕਰਨ ਲਈ ਬੱਸ ਦੀ ਸਪੀਡ ਖਿੱਚੀ ਹੋਈ ਸੀ, ਜਿਸਦੇ ਕਾਰਨ ਬੱਸ ਬੇਕਾਬੂ ਹੋ ਗਈ। ਪੁਲਿਸ ਨੇ ਜਖ਼ਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਦਸੇ ਦੇ ਕਾਰਨਾਂ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਹਾਦਸੇ 'ਤੇ ਪ੍ਰਗਟਾਇਆ ਦੁੱਖ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਗ੍ਰਹਿ ਜ਼ਿਲ੍ਹੇ ਵਿੱਚ ਵਾਪਰੇ ਇਸ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ - ''ਸੰਗਰੂਰ ਵਿਖੇ PRTC ਬੱਸ ਦੇ ਵਾਪਰੇ ਦਰਦਨਾਕ ਹਾਦਸੇ ਦੀ ਖ਼ਬਰ ਬਹੁਤ ਦੁਖਦਾਈ ਹੈ...'ਚ 3 ਕੀਮਤੀ ਜਾਨਾਂ ਦਾ ਨੁਕਸਾਨ ਹੋਇਆ ਹੈ ਅਤੇ 24 ਜ਼ਖ਼ਮੀਆਂ 'ਚੋਂ 15 ਨੂੰ ਬਿਹਤਰ ਇਲਾਜ ਲਈ ਪਟਿਆਲਾ ਰੈਫਰ ਕੀਤਾ ਗਿਆ ਹੈ... ਪ੍ਰਸ਼ਾਸਨ ਨੂੰ ਸਾਰਿਆਂ ਦੇ ਮੁਫ਼ਤ ਇਲਾਜ ਦੀਆਂ ਹਦਾਇਤਾਂ ਦਿੱਤੀਆਂ ਹਨ...ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖ਼ਸ਼ੇ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਦੇਵੇ... ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕਰਦਾ ਹਾਂ..."


Click it and Unblock the Notifications
