ਪੰਜਾਬ ਦੇ 1,000 ਵਿਦਿਆਰਥੀਆਂ ਨੂੰ ਮਿਲੇਗੀ UPSC ਤੇ PCS ਦੀ ਮੁਫ਼ਤ ਕੋਚਿੰਗ, ਮਾਨ ਸਰਕਾਰ ਦਾ ਵੱਡਾ ਐਲਾਨ
ਪੰਜਾਬ ਭਰ ਦੇ ਵਿਦਿਆਰਥੀਆਂ ਲਈ ਸਿਵਲ ਸੇਵਾਵਾਂ ਦੀ ਤਿਆਰੀ ਨੂੰ ਪਹੁੰਚਯੋਗ ਬਣਾਉਣ ਦੇ ਮੰਤਵ ਨਾਲ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ 1,000 ਕਾਲਜ ਵਿਦਿਆਰਥੀਆਂ ਨੂੰ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਸਿਵਲ ਸੇਵਾਵਾਂ ਪ੍ਰੀਖਿਆ ਅਤੇ ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐਸ.) ਪ੍ਰੀਖਿਆਵਾਂ ਲਈ ਪੂਰੀ ਤਰ੍ਹਾਂ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।
ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ੁਰੂ ਕੀਤੇ ਜਾ ਰਹੇ ਇਸ ਪ੍ਰੋਗਰਾਮ ਤਹਿਤ ਸਰਕਾਰੀ ਕਾਲਜਾਂ ਦੇ 750 ਅਤੇ ਪ੍ਰਾਈਵੇਟ ਕਾਲਜਾਂ ਦੇ 250 ਵਿਦਿਆਰਥੀਆਂ ਨੂੰ ਕਵਰ ਕੀਤਾ ਜਾਵੇਗਾ। ਇਹ ਉਪਰਾਲਾ, ਵਿਦਿਆਰਥੀਆਂ ਦੀ ਵਿੱਤੀ ਅਤੇ ਹੋਰ ਰੁਕਾਵਟਾਂ ਨੂੰ ਦੂਰ ਕਰੇਗਾ, ਜਿਨ੍ਹਾਂ ਕਰਕੇ ਅਕਸਰ ਪ੍ਰਤਿਭਾਸ਼ਾਲੀ ਵਿਦਿਆਰਥੀ ਸਿਵਲ ਸੇਵਾਵਾਂ ਦੀ ਮਿਆਰੀ ਕੋਚਿੰਗ ਲੈਣ ਤੋਂ ਵਾਂਝੇ ਰਹਿ ਜਾਂਦੇ ਸਨ।

ਹੋਣਹਾਰ ਬੱਚਿਆਂ ਨਾਲ ਹਰ ਵੇਲੇ ਖੜ੍ਹੀ ਹੈ ਸਰਕਾਰ - CM ਮਾਨ
ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਦੇ ਹਰ ਨੌਜਵਾਨ ਦੀਆਂ ਅੱਖਾਂ ਵਿੱਚ ਇੱਕ ਸੁਪਨਾ ਹੈ ਅਤੇ ਕਿਸੇ ਵੀ ਸੁਪਨੇ ਦੀ ਉਡਾਣ ਸਿਰਫ਼ ਇਸ ਲਈ ਨਹੀਂ ਰੁਕਣੀ ਚਾਹੀਦੀ ਕਿ ਪਰਿਵਾਰ ਕੋਚਿੰਗ ਦਾ ਖ਼ਰਚਾ ਨਹੀਂ ਚੁੱਕ ਸਕਦਾ। ਉਨ੍ਹਾਂ ਕਿਹਾ ਕਿ -ਅਸੀਂ ਚਾਹੁੰਦੇ ਹਾਂ ਪੰਜਾਬ ਦੇ ਬੱਚੇ ਪੂਰੀ ਆਜ਼ਾਦੀ ਨਾਲ ਵੱਡੇ ਸੁਪਨੇ ਵੇਖਣ ਅਤੇ ਇਹ ਸਮਝ ਕੇ ਚੱਲਣ ਕਿ ਸਰਕਾਰ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ।"
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਇਸ ਪਹਿਲਕਦਮੀ ਰਾਹੀਂ ਅਸੀਂ ਉਨ੍ਹਾਂ ਮੌਕਿਆਂ ਨੂੰ ਖੋਲ੍ਹ ਰਹੇ ਹਾਂ ਜੋ ਪਹਿਲਾਂ ਕਈ ਵਿਦਿਆਰਥੀਆਂ ਨੂੰ ਆਪਣੀ ਪਹੁੰਚ ਤੋਂ ਬਾਹਰ ਜਾਪਦੇ ਸਨ। ਉਨ੍ਹਾਂ ਕਿਹਾ ਕਿ 'ਪੰਜਾਬ ਸਿੱਖਿਆ ਕ੍ਰਾਂਤੀ' ਸਿਰਫ਼ ਕਲਾਸਰੂਮਾਂ ਨੂੰ ਸੁਧਾਰਨ ਤੱਕ ਸੀਮਤ ਨਹੀਂ ਹੈ; ਇਹ ਸਾਡੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਦਾ ਉਪਰਾਲਾ ਹੈ। ਜਦੋਂ ਸਾਡਾ ਨੌਜਵਾਨ ਅੱਗੇ ਵਧੇਗਾ, ਤਾਂ ਪੰਜਾਬ ਅੱਗੇ ਵਧੇਗਾ। ਅਸੀਂ ਸਾਰੇ ਰਲ ਕੇ ਰੰਗਲੇ ਪੰਜਾਬ ਦੀ ਸਿਰਜਣਾ ਵੱਲ ਲਗਾਤਾਰ ਕਦਮ ਵਧਾ ਰਹੇ ਹਾਂ।"
ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਦੇ ਨਾਲ ਮਿਲੇਗੀ ਮੈਂਟਰਸ਼ਿਪ
ਇਸ ਪ੍ਰੋਗਰਾਮ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ ਸਿਰਫ਼ ਆਨਲਾਈਨ ਕਲਾਸਾਂ ਹੀ ਨਹੀਂ ਬਲਕਿ ਹਰ ਪੜਾਅ 'ਤੇ ਵਿਆਪਕ ਅਕਾਦਮਿਕ ਸਹਾਇਤਾ ਪ੍ਰਣਾਲੀ ਮੁਹੱਈਆ ਕਰਵਾਈ ਜਾਵੇਗੀ। ਇਸ ਵਿੱਚ ਲਾਈਵ ਇੰਟਰਐਕਟਿਵ ਅਤੇ ਰਿਕਾਰਡ ਕੀਤੇ ਲੈਕਚਰ, ਸਟੱਡੀ ਮਟੀਰੀਅਲ, ਮਿਆਰੀ ਟੈਸਟ ਸੀਰੀਜ਼, ਉੱਤਰ-ਲਿਖਣ ਦਾ ਅਭਿਆਸ ਤੇ ਮੁਲਾਂਕਣ, ਵਿਅਕਤੀਗਤ ਮੈਂਟਰਸ਼ਿਪ, ਸ਼ੰਕਿਆਂ ਦਾ ਨਿਵਾਰਨ ਅਤੇ ਇੰਟਰਵਿਊ ਦੀ ਤਿਆਰੀ ਸ਼ਾਮਲ ਹੋਵੇਗੀ।
ਇਹ ਪਹਿਲਕਦਮੀ 'ਪੰਜਾਬ ਸਿੱਖਿਆ ਕ੍ਰਾਂਤੀ' ਦੇ ਉਸ ਵਡੇਰੇ ਦ੍ਰਿਸ਼ਟੀਕੋਣ ਦਾ ਹਿੱਸਾ ਹੈ ਜਿਸਦਾ ਉਦੇਸ਼ ਵਿੱਦਿਅਕ ਮੌਕਿਆਂ ਨੂੰ ਸਿਰਫ਼ ਡਿਗਰੀਆਂ ਤੱਕ ਸੀਮਤ ਨਾ ਰੱਖ ਕੇ, ਲੀਡਰਸ਼ਿਪ, ਲੋਕ ਪ੍ਰਸ਼ਾਸਨ ਅਤੇ ਸਮਾਜ ਸੇਵਾ ਦੇ ਖੇਤਰਾਂ ਲਈ ਰਾਹ ਪੱਧਰਾ ਕਰਨਾ ਹੈ। ਇਸ ਲਾਹੇਵੰਦ ਪੇਸ਼ਕਦਮੀ ਤਹਿਤ 1000 ਕਾਲਜ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਦੀ ਮੁਫ਼ਤ ਕੋਚਿੰਗ ਦੇ ਕੇ ਭਗਵੰਤ ਮਾਨ ਸਰਕਾਰ ਪ੍ਰਸ਼ਾਸਕਾਂ ਅਤੇ ਜਨਤਕ ਆਗੂਆਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰੇਗੀ।


Click it and Unblock the Notifications
