ਮਿਡਟਰਮ ਚੋਣਾਂ 'ਚ ਹਾਰ ਮਗਰੋਂ ਟਰੰਪ ਦੀਆਂ ਵਧੀਆਂ ਮੁਸ਼ਕਲਾਂ, ਆਪਣੀ ਹੀ ਪਾਰਟੀ 'ਚ ਉੱਠੇ ਵਿਰੋਧ ਦੇ ਸੁਰ
ਮਿਡਟਰਮ ਚੋਣਾਂ ਵਿੱਚ ਹਾਰ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਵਿੱਚ ਅੰਦਰੂਨੀ ਨਾਰਾਜ਼ਗੀ ਸਾਹਮਣੇ ਆਉਣ ਲੱਗੀ ਹੈ। ਟੈਕਸਾਸ ਦੇ ਰਿਪਬਲਿਕਨ ਆਗੂ ਚੈਡ ਵਿਲਬੈਂਕਸ ਨੇ ਈਰਾਨ ਜੰਗ, ਟੈਰਿਫ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਪੱਖ ਲੈਣ ਵਾਲੇ ਟਰੰਪ ਦੇ ਫੈਸਲਿਆਂ ਨੂੰ ਚੋਣਾਂ ਵਿੱਚ ਹਾਰ ਦਾ ਕਾਰਨ ਦੱਸਿਆ ਹੈ।
CNN ਮੁਤਾਬਕ, ਟਰੰਪ ਦੇ ਕਰੀਬੀ ਆਗੂਆਂ ਨੇ ਰੱਖਿਆ ਮੰਤਰੀ ਪੀਟ ਹੇਗਸੇਥ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਈਰਾਨ ਜੰਗ ਵਿੱਚ ਉਲਝਾ ਦਿੱਤਾ, ਪਰ ਇਸ ਵਿੱਚੋਂ ਬਾਹਰ ਨਿਕਲਣ ਦੀ ਕੋਈ ਸਪੱਸ਼ਟ ਯੋਜਨਾ ਨਹੀਂ ਬਣਾਈ। ਦੂਜੇ ਪਾਸੇ, ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਵੀ ਮੰਨਿਆ ਕਿ ਈਰਾਨ ਜੰਗ ਕਾਰਨ ਟਰੰਪ ਦੇ ਕਈ ਪੁਰਾਣੇ ਸਮਰਥਕਾਂ ਨੇ ਇਸ ਵਾਰ ਰਿਪਬਲਿਕਨ ਪਾਰਟੀ ਤੋਂ ਦੂਰੀ ਬਣਾ ਲਈ।

ਹਾਊਸ ਆਫ ਰਿਪ੍ਰਜ਼ੈਂਟੇਟਿਵਜ਼
ਅਮਰੀਕੀ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿੱਚ ਕੁੱਲ 435 ਸੀਟਾਂ ਹਨ ਅਤੇ ਸਾਰੀਆਂ ਸੀਟਾਂ 'ਤੇ ਚੋਣਾਂ ਹੋਈਆਂ। ਵਿਰੋਧੀ ਡੈਮੋਕ੍ਰੇਟਿਕ ਪਾਰਟੀ ਨੇ 242 ਸੀਟਾਂ ਜਿੱਤੀਆਂ ਹਨ, ਜਦਕਿ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ 151 ਸੀਟਾਂ ਮਿਲੀਆਂ ਹਨ। 42 ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਡੈਮੋਕ੍ਰੇਟਿਕ ਪਾਰਟੀ ਬਹੁਮਤ ਲਈ ਲੋੜੀਂਦੀਆਂ ਸੀਟਾਂ ਹਾਸਲ ਕਰ ਚੁੱਕੀ ਹੈ।
ਸੀਨੇਟ
ਸੀਨੇਟ ਦੀਆਂ ਕੁੱਲ 100 ਸੀਟਾਂ ਵਿੱਚੋਂ 35 'ਤੇ ਚੋਣਾਂ ਹੋਈਆਂ ਹਨ। ਹੁਣ ਤੱਕ 33 ਸੀਟਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਡੈਮੋਕ੍ਰੇਟਿਕ ਪਾਰਟੀ ਨੇ 20 ਅਤੇ ਰਿਪਬਲਿਕਨ ਪਾਰਟੀ ਨੇ 13 ਸੀਟਾਂ ਜਿੱਤੀਆਂ ਹਨ। ਬਾਕੀ 2 ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਇਨ੍ਹਾਂ ਨਤੀਜਿਆਂ ਨੂੰ ਮਿਲਾ ਕੇ ਡੈਮੋਕ੍ਰੇਟਿਕ ਪਾਰਟੀ ਕੋਲ ਕੁੱਲ 54 ਅਤੇ ਰਿਪਬਲਿਕਨ ਪਾਰਟੀ ਕੋਲ 44 ਸੀਟਾਂ ਹਨ।
ਗਵਰਨਰ ਚੋਣਾਂ
ਕੁੱਲ 36 ਗਵਰਨਰ ਸੀਟਾਂ ਵਿੱਚੋਂ 34 ਸੂਬਿਆਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਨੇ 22 ਅਤੇ ਰਿਪਬਲਿਕਨ ਪਾਰਟੀ ਨੇ 12 ਸੀਟਾਂ ਜਿੱਤੀਆਂ ਹਨ। ਬਾਕੀ 2 ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ।
ਟਰੰਪ ਖ਼ਿਲਾਫ਼ ਐਕਸ਼ਨ ਦੀ ਤਿਆਰੀ 'ਚ ਡੈਮੋਕ੍ਰੇਟਸ
ਅਮਰੀਕਾ ਦੀਆਂ ਮਿਡਟਰਮ ਚੋਣਾਂ ਵਿੱਚ ਬਹੁਮਤ ਹਾਸਲ ਕਰਨ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਕਰੀਬੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਜਾਂਚ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਆਗੂਆਂ ਦਾ ਦੋਸ਼ ਹੈ ਕਿ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਵਰਤੋਂ ਨਿੱਜੀ ਫਾਇਦੇ ਅਤੇ ਆਪਣੀ ਜਾਇਦਾਦ ਵਧਾਉਣ ਲਈ ਕੀਤੀ ਹੈ।
ਕੁਝ ਡੈਮੋਕ੍ਰੇਟਿਕ ਆਗੂਆਂ ਨੇ ਟਰੰਪ ਖ਼ਿਲਾਫ਼ ਤੀਜੀ ਵਾਰ ਮਹਾਦੋਸ਼ (ਇੰਪੀਚਮੈਂਟ) ਲਿਆਉਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਹੈ। ਡੈਮੋਕ੍ਰੇਟਸ -ਟਰੰਪ ਪਰਿਵਾਰ ਦੇ ਕਾਰੋਬਾਰ, ਕ੍ਰਿਪਟੋਕਰੰਸੀ ਸੌਦਿਆਂ, ਸਰਕਾਰੀ ਖਰਚਿਆਂ ਅਤੇ ਜੈਫਰੀ ਐਪਸਟਾਈਨ ਮਾਮਲੇ ਵਿੱਚ ਸਰਕਾਰ ਦੀ ਭੂਮਿਕਾ ਦੀ ਜਾਂਚ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਏਜੰਸੀ ICE ਵੱਲੋਂ ਕੀਤੀਆਂ ਜਾ ਰਹੀਆਂ ਛਾਪੇਮਾਰੀਆਂ, ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਨ ਲਈ ਬਣਾਈ ਗਈ ਏਜੰਸੀ DOGE ਅਤੇ ਵ੍ਹਾਈਟ ਹਾਊਸ ਵਿੱਚ ਟਰੰਪ ਵੱਲੋਂ ਬਣਾਏ ਜਾ ਰਹੇ ਬਾਲਰੂਮ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ।
ਡੈਮੋਕ੍ਰੇਟਿਕ ਪਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ, ਕੀ ਰਾਸ਼ਟਰਪਤੀ ਦੇ ਅਹੁਦੇ ਦੀ ਵਰਤੋਂ ਨਿੱਜੀ ਹਿੱਤਾਂ ਲਈ ਕੀਤੀ ਗਈ ਹੈ?
ਅਲਾਸਕਾ ਵਿੱਚ 20 ਸਾਲ ਬਾਅਦ ਡੈਮੋਕ੍ਰੇਟਿਕ ਪਾਰਟੀ ਦਾ ਗਵਰਨਰ ਬਣਨ ਦੀ ਸੰਭਾਵਨਾ
ਦੂਜੇ ਪਾਸੇ ਅਲਾਸਕਾ ਵਿੱਚ ਕਰੀਬ 20 ਸਾਲਾਂ ਤੋਂ ਡੈਮੋਕ੍ਰੇਟਿਕ ਪਾਰਟੀ ਦਾ ਕੋਈ ਗਵਰਨਰ ਨਹੀਂ ਬਣਿਆ ਹੈ। ਆਖਰੀ ਵਾਰ ਸਾਲ 2002 ਵਿੱਚ ਟੋਨੀ ਨੋਲਸ ਗਵਰਨਰ ਦੇ ਅਹੁਦੇ ਤੋਂ ਹਟੇ ਸਨ। ਹੁਣ ਡੈਮੋਕ੍ਰੇਟਿਕ ਉਮੀਦਵਾਰ ਜੋਨਾਥਨ ਕ੍ਰਾਈਸ ਟੌਮਕਿਨਜ਼ ਅਤੇ ਰਿਪਬਲਿਕਨ ਉਮੀਦਵਾਰ ਬਰਨਾਡੇਟ ਵਿਲਸਨ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਜੋਨਾਥਨ ਆਪਣੇ ਵਿਰੋਧੀ ਤੋਂ ਕਰੀਬ 20 ਅੰਕਾਂ ਨਾਲ ਅੱਗੇ ਚੱਲ ਰਹੇ ਹਨ। ਹਾਲਾਂਕਿ, ਉਨ੍ਹਾਂ ਨੂੰ ਅਜੇ ਤੱਕ ਅੱਧੇ ਤੋਂ ਵੱਧ ਵੋਟ ਨਹੀਂ ਮਿਲੇ ਹਨ। ਜੇਕਰ ਉਹ ਚੋਣ ਜਿੱਤ ਜਾਂਦੇ ਹਨ ਤਾਂ 37 ਸਾਲ ਦੀ ਉਮਰ ਵਿੱਚ ਅਲਾਸਕਾ ਦੇ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਗਵਰਨਰ ਬਣ ਜਾਣਗੇ।


Click it and Unblock the Notifications
