ਅਗਨੀਵੀਰਾਂ ਲਈ ਸਰਕਾਰ ਦਾ ਵੱਡਾ ਤੋਹਫ਼ਾ! ਹੁਣ 4 ਸਾਲ ਨਹੀਂ ਸਗੋੰ 6 ਸਾਲ ਦੀ ਹੋਵੇਗੀ ਨੌਕਰੀ, ਨਵੇਂ ਨਿਯਮਾਂ ਦਾ ਐਲਾਨ
ਅਗਨੀਵੀਰਾਂ ਨੂੰ ਲੈ ਕੇ ਇੱਕ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। ਹੁਣ ਅਗਨੀਵੀਰਾਂ ਦਾ ਕਾਰਜਕਾਲ 4 ਸਾਲ ਦੀ ਬਜਾਏ 6 ਸਾਲ ਦਾ ਹੋਵੇਗਾ। ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਐਨ.ਐਸ. ਰਾਜਾ ਸੁਬਰਮਣੀ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ।
ਨਵੀਂ ਵਿਵਸਥਾ ਮੁਤਾਬਕ ਜਿਹੜੇ ਅਗਨੀਵੀਰ 4 ਸਾਲ ਦੀ ਸੇਵਾ ਤੋਂ ਬਾਅਦ ਵੀ ਫ਼ੌਜ ਵਿੱਚ ਨੌਕਰੀ ਜਾਰੀ ਰੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਿਰਧਾਰਤ ਚੋਣ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ। ਮੌਜੂਦਾ ਨਿਯਮਾਂ ਮੁਤਾਬਕ ਇੱਕ ਬੈਚ ਵਿੱਚ ਭਰਤੀ ਹੋਣ ਵਾਲੇ ਅਗਨੀਵੀਰਾਂ ਵਿੱਚੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ 25 ਫ਼ੀਸਦੀ ਜਵਾਨਾਂ ਨੂੰ ਪੱਕੀ ਸੇਵਾ ਵਿੱਚ ਰੱਖਿਆ ਜਾਂਦਾ ਹੈ, ਜਦਕਿ ਬਾਕੀ 75 ਫ਼ੀਸਦੀ ਨੂੰ ਚਾਰ ਸਾਲ ਬਾਅਦ ਸੇਵਾ ਤੋਂ ਮੁਕਤ ਕਰ ਦਿੱਤਾ ਜਾਂਦਾ ਹੈ।

ਨਵੀਂ ਵਿਵਸਥਾ ਵਿੱਚ ਵੀ 25 ਫ਼ੀਸਦੀ ਅਗਨੀਵੀਰਾਂ ਨੂੰ ਪੱਕਾ ਕਰਨ ਵਾਲਾ ਨਿਯਮ ਪਹਿਲਾਂ ਵਾਂਗ ਹੀ ਰਹੇਗਾ। ਹਾਲਾਂਕਿ, ਬਾਕੀ ਰਹਿੰਦੇ 75 ਫ਼ੀਸਦੀ ਅਗਨੀਵੀਰਾਂ ਨੂੰ ਵੀ ਦੋ ਸਾਲ ਹੋਰ ਨੌਕਰੀ ਕਰਨ ਦਾ ਮੌਕਾ ਮਿਲੇਗਾ। ਇਸ ਤਰ੍ਹਾਂ ਉਹ ਕੁੱਲ 6 ਸਾਲ ਤੱਕ ਸੇਵਾ ਨਿਭਾ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੱਧ ਤਨਖਾਹ ਅਤੇ ਭੱਤੇ ਵੀ ਦਿੱਤੇ ਜਾਣਗੇ। ਇਹ ਵਾਧੂ ਸੇਵਾ ਅਗਨੀਵੀਰਾਂ ਦੀ ਸਹਿਮਤੀ ਨਾਲ ਹੋਵੇਗੀ।
ਦਸੰਬਰ ਤੱਕ 18,300 ਅਗਨੀਵੀਰਾਂ ਦਾ ਪੂਰਾ ਹੋਣਾ ਸੀ ਕਾਰਜਕਾਲ
ਅੰਕੜਿਆਂ ਮੁਤਾਬਕ 31 ਦਸੰਬਰ ਤੱਕ ਪਹਿਲੇ ਬੈਚ ਦੇ ਕਰੀਬ 18,300 ਅਗਨੀਵੀਰਾਂ ਦਾ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਵਾਲਾ ਸੀ। ਇਹ ਪਹਿਲੇ ਬੈਚ ਵਿੱਚ ਭਰਤੀ ਹੋਏ ਕੁੱਲ 24,400 ਅਗਨੀਵੀਰਾਂ ਦਾ ਲਗਭਗ 75 ਫ਼ੀਸਦੀ ਹਿੱਸਾ ਹੈ। ਪਰ ਹੁਣ ਨਵੀਂ ਵਿਵਸਥਾ ਤਹਿਤ ਹੁਣ ਉਨ੍ਹਾਂ ਨੂੰ ਦੋ ਸਾਲ ਦਾ ਵਾਧੂ ਸਮਾਂ ਮਿਲ ਸਕੇਗਾ।
ਭਾਰਤੀ ਹਵਾਈ ਫ਼ੌਜ ਨੇ 712 ਅਗਨੀਵੀਰਾਂ ਨੂੰ ਰੱਖਿਆ ਪੱਕਾ
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਭਾਰਤੀ ਹਵਾਈ ਫ਼ੌਜ ਨੇ ਆਪਣੇ ਪਹਿਲੇ ਅਗਨੀਵੀਰ ਵਾਯੂ ਬੈਚ ਦੇ 2,850 ਭਰਤੀ ਹੋਏ ਜਵਾਨਾਂ ਵਿੱਚੋਂ 712 ਨੂੰ ਨਿਯਮਤ ਸੇਵਾ ਵਿੱਚ ਰੱਖਣ ਦਾ ਫ਼ੈਸਲਾ ਕੀਤਾ ਸੀ। ਫਿਲਹਾਲ ਦੇਸ਼ ਦੀਆਂ ਤਿੰਨਾਂ ਫ਼ੌਜਾਂ, ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਕਰੀਬ 3.18 ਲੱਖ ਅਗਨੀਵੀਰ ਸੇਵਾ ਨਿਭਾ ਰਹੇ ਹਨ। ਨਵੀਂ ਵਿਵਸਥਾ ਨਾਲ ਹਜ਼ਾਰਾਂ ਅਗਨੀਵੀਰਾਂ ਨੂੰ ਫ਼ੌਜ ਵਿੱਚ ਵਾਧੂ ਸਮਾਂ ਸੇਵਾ ਕਰਨ ਦਾ ਮੌਕਾ ਮਿਲ ਸਕਦਾ ਹੈ।


Click it and Unblock the Notifications
