ਪੰਜਾਬ ਵਿੱਚ ਤੜਕੇ ਹੀ ਫਿਰ ਪਹੁੰਚੀ ED ਦੀ ਟੀਮ, ਆਪ MLA ਡਾ. ਅਮਨਦੀਪ ਅਰੋੜਾ ਦੇ ਘਰ ਜਾਂਚ ਜਾਰੀ, ਸਮਰਥਕਾਂ ਨੇ ਕੀਤਾ ਪ੍ਰਦਰਸ਼ਨ
ਪੰਜਾਬ ਅੰਦਰ ਅੱਜ ਸਵੇਰ ਹੁੰਦੇ ਹੀ ED ਦੀ ਟੀਮ ਫਿਰ ਪਹੁੰਚੀ, ਇਸ ਵਾਰ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ED ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਲਈ ਦਿੱਲੀ ਅਤੇ ਚੰਡੀਗੜ੍ਹ ਤੋਂ ED ਦੀਆਂ ਟੀਮਾਂ ਪਹੁੰਚੀਆਂ ਹਨ। ਵਿਧਾਇਕ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ।
ਟੀਮ ਵੱਲੋਂ ਮੋਗਾ ਸਥਿਤ ਉਨ੍ਹਾਂ ਦੇ ਘਰ ਅਤੇ ਮੋਗਾ-ਲੁਧਿਆਣਾ ਰੋਡ 'ਤੇ ਸਥਿਤ ਆਈਕਨ ਫਲੈਟਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਕਾਰਵਾਈ ਦੌਰਾਨ CRPF ਦੇ ਜਵਾਨਾਂ ਨੇ ਇਲਾਕੇ ਨੂੰ ਘੇਰੇ ਵਿੱਚ ਲਿਆ ਹੋਇਆ ਹੈ, ਜਦਕਿ ਪੰਜਾਬ ਪੁਲਿਸ ਨੂੰ ਵੀ ਘੇਰੇ ਤੋਂ ਬਾਹਰ ਹੀ ਰੋਕ ਦਿੱਤਾ ਗਿਆ ਹੈ। ਘਰ ਅਤੇ ਫਲੈਟਾਂ ਦੀ ਤਲਾਸ਼ੀ ਤੋਂ ਬਾਅਦ ਟੀਮਾਂ ਲੁਧਿਆਣਾ ਵਿੱਚ ਉਨ੍ਹਾਂ ਦੇ ਨਾਨਕੇ ਘਰ ਵੀ ਪਹੁੰਚੀ ਹੈ ।

ਜ਼ਿਕਰਯੋਗ ਹੈ ਕਿ ਡਾ. ਅਮਨਦੀਪ ਕੌਰ ਅਰੋੜਾ ਨੂੰ ਤਿੰਨ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੜ ਟਿਕਟ ਦਿੱਤੀ ਗਈ ਸੀ। ਉਹ ਪੰਜਾਬ ਵਿੱਚ AAP ਦੀ ਮਹਿਲਾ ਵਿੰਗ ਦੀ ਪ੍ਰਧਾਨ ਵੀ ਹਨ। ਵਿਧਾਇਕ ਦੇ ਘਰ ED ਦੀ ਛਾਪੇਮਾਰੀ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਸਮਰਥਕ ਇਕੱਠੇ ਹੋ ਗਏ ਅਤੇ ਘਰ ਦੇ ਬਾਹਰ ED ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਹਾਲਾਂਕਿ, ਇਸ ਛਾਪੇਮਾਰੀ ਦੇ ਅਸਲ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
AAP ਆਗੂਆਂ ਦਾ ਦੋਸ਼- ਭਾਜਪਾ ਵਿੱਚ ਸ਼ਾਮਲ ਹੋਣ ਲਈ ਬਣਾਇਆ ਜਾ ਰਿਹਾ ਦਬਾਅ
ਦੂਜੇ ਪਾਸੇ ਆਪ ਆਗੂਆਂ ਦਾ ਕਹਿਣਾ ਹੈ ਕਿ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ 'ਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਇਸੇ ਦਬਾਅ ਤਹਿਤ ਕੇਂਦਰ ਸਰਕਾਰ ਵੱਲੋਂ ED ਦੀ ਛਾਪੇਮਾਰੀ ਕਰਵਾਈ ਗਈ ਹੈ। ਆਪ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਚਿੰਤਤ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਸੱਤਾ ਵਿੱਚ ਆਵੇਗੀ। ਇਸ ਦੌਰਾਨ AAP ਆਗੂਆਂ ਅਤੇ ਸਮਰਥਕਾਂ ਨੇ ਕੇਂਦਰ ਸਰਕਾਰ ਅਤੇ ED ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।


Click it and Unblock the Notifications
