ਨਹੀਂ ਹੋ ਸਕਿਆ ਪਰਵਿੰਦਰ ਝੋਟਾ ਦਾ ਪੋਸਟਮਾਰਟਮ, ਅੱਜ ਸ਼ਾਮ ਮੁੜ ਕੋਸ਼ਿਸ਼ ਕਰੇਗੀ ਡਾਕਟਰਾਂ ਦੀ ਟੀਮ, ਜਾਣੋ ਕੀ ਹੈ ਵਜ੍ਹਾਂ!
ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ PGI ਚੰਡੀਗੜ੍ਹ ਵਿੱਚ ਪੋਸਟਮਾਰਟਮ ਫ਼ਸ ਗਿਆ ਹੈ। 24 ਦਿਨਾਂ ਤੱਕ ਮ੍ਰਿਤਕ ਦੇਹ ਫ੍ਰੀਜ਼ਰ ਵਿੱਚ ਰਹਿਣ ਕਾਰਨ ਉਸ ਦਾ ਤਾਪਮਾਨ ਆਮ ਨਹੀਂ ਹੋ ਰਿਹਾ, ਜਿਸ ਕਰਕੇ ਡਾਕਟਰਾਂ ਦੀ ਟੀਮ ਪੋਸਟਮਾਰਟਮ ਕਰਨ ਵਿੱਚ ਅਸਮਰੱਥ ਹੈ।
PGI ਦੇ ਡਾਕਟਰ ਅੱਜ ਦੇਰ ਸ਼ਾਮ ਇੱਕ ਵਾਰ ਫਿਰ ਪੋਸਟਮਾਰਟਮ ਕਰਨ ਦੀ ਕੋਸ਼ਿਸ਼ ਕਰਨਗੇ। ਜੇਕਰ ਉਸ ਸਮੇਂ ਵੀ ਪ੍ਰਕਿਰਿਆ ਸੰਭਵ ਨਾ ਹੋਈ ਤਾਂ ਪੋਸਟਮਾਰਟਮ ਭਲਕੇ ਸਵੇਰੇ ਕੀਤਾ ਜਾਵੇਗਾ। ਜੇਕਰ ਪੋਸਟਮਾਰਟਮ ਭਲਕੇ ਹੁੰਦਾ ਹੈ ਤਾਂ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ ਵੀ ਕੱਲ੍ਹ ਦੁਪਹਿਰ 12 ਵਜੇ ਕੀਤਾ ਜਾ ਸਕਦਾ ਹੈ। ਝੋਟਾ ਦੀ ਮ੍ਰਿਤਕ ਦੇਹ ਵੀਰਵਾਰ ਅੱਧੀ ਰਾਤ ਨੂੰ ਮਾਨਸਾ ਤੋਂ PGI ਚੰਡੀਗੜ੍ਹ ਭੇਜੀ ਗਈ ਸੀ।

ਪਤਨੀ ਮਨਪ੍ਰੀਤ ਕੌਰ ਨੇ ਟ੍ਰੋਲਿੰਗ 'ਤੇ ਜਤਾਇਆ ਇਤਰਾਜ਼
ਦੂਜੇ ਪਾਸੇ ਪਰਵਿੰਦਰ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਸਰਕਾਰੀ ਨੌਕਰੀ ਅਤੇ 2 ਕਰੋੜ ਰੁਪਏ ਦੇ ਮੁਆਵਜ਼ੇ ਨੂੰ ਲੈ ਕੇ ਪਰਿਵਾਰ ਦੀ ਹੋ ਰਹੀ ਟ੍ਰੋਲਿੰਗ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੇ ਲੋਕ 12 ਬੋਰ ਦੀ ਬੰਦੂਕ ਲੈ ਕੇ ਮਾਨਸਾ ਆਉਣ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਗੋਲੀ ਮਾਰ ਦੇਣ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਦੀਆਂ ਅਜਿਹੀਆਂ ਟਿੱਪਣੀਆਂ ਬੇਹੱਦ ਦੁਖਦਾਈ ਹਨ।
SSP ਦੇ ਤਬਾਦਲੇ ਦੀ ਮੰਗ 'ਤੇ ਅੜੇ ਝੋਟਾ ਦੇ ਪਿਤਾ
ਇਸ ਤੋਂ ਪਹਿਲਾਂ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਮੰਗ ਕੀਤੀ ਸੀ ਕਿ ਪੰਜਾਬ ਸਰਕਾਰ ਝੋਟਾ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਮਾਨਸਾ ਦੇ SSP ਵੈਭਵ ਚੌਧਰੀ ਦਾ ਤਬਾਦਲਾ ਕਰੇ। ਉਨ੍ਹਾਂ ਦਾ ਦੋਸ਼ ਹੈ ਕਿ SSP ਵੱਲੋਂ ਨਸ਼ਿਆਂ ਨੂੰ ਰੋਕਣ ਲਈ ਢੁੱਕਵੀਂ ਕਾਰਵਾਈ ਨਾ ਕਰਨ ਕਾਰਨ ਹੀ ਝੋਟਾ ਦੀ ਹੱਤਿਆ ਹੋਈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ SSP ਦਾ ਤਬਾਦਲਾ ਨਹੀਂ ਹੁੰਦਾ, ਉਹ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਹੋਈ ਮੀਟਿੰਗ ਵਿੱਚ ਵੀ ਗੱਲਬਾਤ ਹੋ ਚੁੱਕੀ ਸੀ।
ਸ਼ਾਮ 6 ਵਜੇ ਮੁੜ ਕੋਸ਼ਿਸ਼ ਕਰੇਗੀ ਡਾਕਟਰਾਂ ਦੀ ਟੀਮ
PGI ਦੇ ਡਾਕਟਰਾਂ ਦੀ ਟੀਮ ਸ਼ਾਮ 6 ਵਜੇ ਇੱਕ ਵਾਰ ਫਿਰ ਪੋਸਟਮਾਰਟਮ ਕਰਨ ਦੀ ਕੋਸ਼ਿਸ਼ ਕਰੇਗੀ। ਜੇਕਰ ਉਸ ਸਮੇਂ ਵੀ ਪ੍ਰਕਿਰਿਆ ਸੰਭਵ ਨਾ ਹੋਈ ਤਾਂ ਪੋਸਟਮਾਰਟਮ ਭਲਕੇ ਸਵੇਰ ਤੱਕ ਟਾਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਹੀ ਅੰਤਿਮ ਸਸਕਾਰ ਦੇ ਸਮੇਂ ਬਾਰੇ ਫੈਸਲਾ ਲਿਆ ਜਾਵੇਗਾ।


Click it and Unblock the Notifications
