ਦਿੱਲੀ 'ਚ BJP ਆਗੂ ਨੇ ਸ਼ਰੇਆਮ ਨੌਜਵਾਨ ਨੂੰ ਮਾਰੀਆ ਥੱਪੜ! AAP ਨੇ ਜਾਰੀ ਕੀਤੀ ਵੀਡੀਓ, ਸੜਕ ਨੂੰ ਲੈ ਕੇ ਹੋਇਆ ਸੀ ਵਿਵਾਦ
ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਸੜਕ ਨਿਰਮਾਣ ਦੀ ਗੁਣਵੱਤਾ ਨੂੰ ਲੈ ਕੇ ਐਤਵਾਰ ਨੂੰ ਵਿਵਾਦ ਖੜ੍ਹਾ ਹੋ ਗਿਆ। ਇਸ ਦੌਰਾਨ ਦਿੱਲੀ ਸਰਕਾਰ ਦੇ PWD ਮੰਤਰੀ ਪ੍ਰਵੇਸ਼ ਵਰਮਾ 'ਤੇ ਇੱਕ ਨੌਜਵਾਨ ਨੂੰ ਥੱਪੜ ਮਾਰਨ ਦਾ ਦੋਸ਼ ਲੱਗਾ ਹੈ। ਆਮ ਆਦਮੀ ਪਾਰਟੀ (AAP) ਨੇ ਇਸ ਘਟਨਾ ਦਾ ਵੀਡੀਓ X 'ਤੇ ਸਾਂਝਾ ਕੀਤਾ ਹੈ।
ਵੀਡੀਓ ਵਿੱਚ ਪ੍ਰਵੇਸ਼ ਵਰਮਾ ਨੌਜਵਾਨ ਦਾ ਮੋਬਾਈਲ ਹੇਠਾਂ ਕਰਦੇ ਅਤੇ ਉਸ ਦੇ ਚਿਹਰੇ 'ਤੇ ਹੱਥ ਮਾਰਦੇ ਨਜ਼ਰ ਆ ਰਹੇ ਹਨ। AAP ਦਾ ਦੋਸ਼ ਹੈ ਕਿ ਕੁਝ ਲੋਕ ਤਿਲਕ ਨਗਰ ਵਿੱਚ ਬਣੀ ਸੜਕ ਦੀ ਗੁਣਵੱਤਾ ਅਤੇ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਮੰਤਰੀ ਤੋਂ ਸਵਾਲ ਕਰ ਰਹੇ ਸਨ। ਇਸੇ ਦੌਰਾਨ ਵੀਡੀਓ ਬਣਾ ਰਹੇ ਇੱਕ ਨੌਜਵਾਨ ਨਾਲ ਇਹ ਘਟਨਾ ਵਾਪਰੀ। ਬਾਅਦ ਵਿੱਚ ਮੌਕੇ 'ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਨੌਜਵਾਨ ਨੂੰ ਦੂਰ ਕੀਤਾ।

ਨੌਜਵਾਨ ਨੇ ਦੋਸ਼ ਲਗਾਇਆ ਕਿ ਘਟਨਾ ਤੋਂ ਬਾਅਦ ਉਸ ਨਾਲ ਮਾਰਪੀਟ ਕੀਤੀ ਗਈ ਅਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਉਸ ਨੇ ਮੰਤਰੀ ਤੋਂ ਲਿਖਤੀ ਮੁਆਫ਼ੀ ਦੀ ਮੰਗ ਕੀਤੀ ਹੈ ਅਤੇ ਮਾਮਲੇ ਵਿੱਚ ਸ਼ਿਕਾਇਤ ਦੇਣ ਦੀ ਗੱਲ ਕਹੀ ਹੈ।
ਪ੍ਰਵੇਸ਼ ਵਰਮਾ ਅਤੇ 'ਆਪ' ਵਿਧਾਇਕ ਵਿਚਾਲੇ ਵੀ ਹੋਈ ਤਿੱਖੀ ਬਹਿਸ
ਘਟਨਾ ਤੋਂ ਪਹਿਲਾਂ ਤਿਲਕ ਨਗਰ ਦੇ AAP ਵਿਧਾਇਕ ਜਰਨੈਲ ਸਿੰਘ ਅਤੇ ਪ੍ਰਵੇਸ਼ ਵਰਮਾ ਵਿਚਾਲੇ ਸੜਕ ਦੀ ਗੁਣਵੱਤਾ ਨੂੰ ਲੈ ਕੇ ਬਹਿਸ ਹੋਈ। ਜਰਨੈਲ ਸਿੰਘ ਨੇ ਨਵੀਂ ਬਣੀ ਸੜਕ ਦਾ ਹਿੱਸਾ ਹੱਥ ਨਾਲ ਉਖਾੜ ਕੇ ਉਸ ਦੀ ਗੁਣਵੱਤਾ 'ਤੇ ਸਵਾਲ ਚੁੱਕੇ। AAP ਵਿਧਾਇਕ ਜਰਨੈਲ ਸਿੰਘ ਨੇ ਦੋਸ਼ ਲਗਾਏ ਕਿ ਘਟਿਆ ਕੁਆਲਿਟੀ ਦੀ ਸੜਕ ਬਣਾ ਕੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ।
ਇਸ ਤੋਂ ਬਾਅਦ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ। ਵੀਡੀਓ ਵਿੱਚ ਜਰਨੈਲ ਸਿੰਘ ਸੜਕ ਦਾ ਉਖੜਿਆ ਹਿੱਸਾ ਦਿਖਾਉਂਦੇ ਹੋਏ ਪ੍ਰਵੇਸ਼ ਵਰਮਾ ਨੂੰ ਸਵਾਲ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਪ੍ਰਵੇਸ਼ ਵਰਮਾ ਉੱਥੋਂ ਚਲੇ ਜਾਂਦੇ ਹਨ ਅਤੇ ਜਰਨੈਲ ਸਿੰਘ ਉਨ੍ਹਾਂ ਦੀ ਗੱਡੀ ਵੱਲ ਜਾਂਦੇ ਹਨ। ਇਸੇ ਦੌਰਾਨ ਵੀਡੀਓ ਬਣਾ ਰਹੇ ਨੌਜਵਾਨ ਨੂੰ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਉਂਦੀ ਹੈ।
ਘਟਨਾ ਤੋਂ ਬਾਅਦ ਇਹ ਮਾਮਲਾ ਦਿੱਲੀ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਦੋਵੇਂ ਪੱਖਾਂ ਵੱਲੋਂ ਇੱਕ-ਦੂਜੇ 'ਤੇ ਦੋਸ਼ ਲਗਾਏ ਜਾ ਰਹੇ ਹਨ।


Click it and Unblock the Notifications
