ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ’ਚ ਸੋਧਾਂ ਨੂੰ ਲੈ ਕੇ CM ਮਾਨ ਨਾਲ 7 ਮੈਂਬਰੀ ਕਮੇਟੀ ਦੀ ਹੋਈ ਅਹਿਮ ਮੀਟਿੰਗ
ਪੰਜਾਬ ਸਰਕਾਰ ਨੇ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026' ਨੂੰ ਲੈ ਕੇ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਐਕਟ ਨਾਲ ਜੁੜੇ ਮਾਮਲਿਆਂ ਅਤੇ ਇਸ ਦੀਆਂ ਧਾਰਾਵਾਂ 'ਤੇ ਵਿਚਾਰ ਕਰਨ ਲਈ ਬਣਾਈ ਗਈ 7 ਮੈਂਬਰੀ ਕਮੇਟੀ ਨੇ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ।
ਮੀਟਿੰਗ ਦੌਰਾਨ ਐਕਟ ਦੀਆਂ ਧਾਰਾਵਾਂ, ਇਸ ਨੂੰ ਲਾਗੂ ਕਰਨ ਨਾਲ ਜੁੜੇ ਪਹਿਲੂਆਂ ਅਤੇ ਪ੍ਰਸਤਾਵਿਤ ਸੋਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਇਸ ਐਕਟ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਤਾਏ ਗਏ ਇਤਰਾਜ਼ਾਂ ਬਾਰੇ ਵਿਸਥਾਰ 'ਚ ਚਰਚਾ ਹੋਈ। ਕਮੇਟੀ ਵੱਲੋਂ ਅੱਗੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਬੰਧਤ ਸਿੱਖ ਸੰਸਥਾਵਾਂ ਵੱਲੋਂ ਬਣਾਈ ਗਈ ਕਮੇਟੀ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਜਾਣਾ ਹੈ।

ਮੀਟਿੰਗ ਤੋਂ ਬਾਅਦ CM ਮਾਨ ਨੇ ਕਿਹਾ ਗਿਆ ਕਿ ਬਹੁਤ ਜਲਦ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ਼ ਰਾਬਤਾ ਕਰ ਕੇ ਮਸਲਿਆਂ ਨੂੰ ਹੱਲ ਤੱਕ ਪਹੁੰਚਾਇਆ ਜਾਵੇਗਾ। CM ਮਾਨ ਨੇ ਕਿਹਾ ਕਿ ਸਾਰੇ ਫ਼ੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮਾਨ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਲਏ ਜਾਣਗੇ।
ਸਰਕਾਰ ਵੱਲੋਂ ਬਣਾਈ ਗਈ ਕਮੇਟੀ ਦਾ ਮਕਸਦ ਐਕਟ ਨਾਲ ਸਬੰਧਤ ਅਹਿਮ ਮੁੱਦਿਆਂ 'ਤੇ ਵਿਚਾਰ ਕਰਕੇ ਸਰਕਾਰ ਨੂੰ ਸੁਝਾਅ ਦੇਣਾ ਹੈ। ਸਰਕਾਰ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨਾਲ ਸਬੰਧਤ ਕਾਨੂੰਨੀ ਵਿਵਸਥਾਵਾਂ ਨੂੰ ਮਜ਼ਬੂਤ ਕਰਨ ਲਈ ਸਾਰੇ ਕਾਨੂੰਨੀ ਅਤੇ ਪ੍ਰਕਿਰਿਆਤਮਕ ਪਹਿਲੂਆਂ ਦੀ ਸਮੀਖਿਆ ਕੀਤੀ ਜਾਵੇਗੀ। 7 ਮੈਂਬਰੀ ਕਮੇਟੀ ਪਹਿਲਾਂ ਆਪਣੇ ਪੱਧਰ 'ਤੇ ਐਕਟ ਨਾਲ ਜੁੜੇ ਮਾਮਲਿਆਂ 'ਤੇ ਵਿਚਾਰ ਕਰੇਗੀ ਅਤੇ ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੀ ਕਮੇਟੀ ਨਾਲ ਗੱਲਬਾਤ ਕੀਤੀ ਜਾਵੇਗੀ। ਰਿਪੋਰਟਾਂ ਮੁਤਾਬਕ ਅਗਲੇ ਮਹੀਨੇ ਕਮੇਟੀ ਦੀ ਰਸਮੀ ਮੀਟਿੰਗ ਹੋਣ ਦੀ ਸੰਭਾਵਨਾ ਹੈ।


Click it and Unblock the Notifications
