SIR ਨੂੰ ਲੈ ਕੇ ਵੱਡੀ ਖ਼ਬਰ, CEC ਗਿਆਨੇਸ਼ ਕੁਮਾਰ ਨੇ ਦੋਵੇਂ ਕਮਿਸ਼ਨਰਾਂ ਨਾਲ ਕੀਤੀ ਬੈਠਕ
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਤੇ ਡਾ. ਵਿਵੇਕ ਜੋਸ਼ੀ ਵਿਚਕਾਰ ਦਿੱਲੀ ਵਿੱਚ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ SIR ਅਤੇ ਚੋਣ ਕਮਿਸ਼ਨ ਦੇ ਅੰਦਰੂਨੀ ਕੰਮਕਾਜ ਨੂੰ ਲੈ ਕੇ ਰਿਪੋਰਟਾਂ ਵਿੱਚ ਵੱਖ-ਵੱਖ ਰਾਏ ਹੋਣ ਦੀ ਗੱਲ ਸਾਹਮਣੇ ਆਈ ਹੈ।
ਚੋਣ ਕਮਿਸ਼ਨ ਮੁਤਾਬਕ SIR ਦੌਰਾਨ ਜਿਨ੍ਹਾਂ ਵੋਟਰਾਂ ਦੇ ਨਾਮ ਡਰਾਫਟ ਸੂਚੀ ਵਿੱਚ ਨਹੀਂ ਆਏ ਜਾਂ ਜਿਨ੍ਹਾਂ ਨੂੰ ਰਿਕਾਰਡ ਵਿੱਚ ਗੜਬੜੀ ਅਤੇ ਮੈਪਿੰਗ ਨਾਲ ਸਬੰਧਤ ਕਾਰਨਾਂ ਕਰਕੇ ਨੋਟਿਸ ਜਾਰੀ ਹੋਏ ਹਨ, ਉਨ੍ਹਾਂ ਲਈ ਦਾਅਵੇ ਅਤੇ ਇਤਰਾਜ਼ ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। BLO ਵੱਲੋਂ ਉਨ੍ਹਾਂ ਦੇ ਘਰ-ਘਰ ਜਾਕੇ ਲੋੜੀਂਦੇ ਦਸਤਾਵੇਜ਼ ਇਕੱਠੇ ਕਰਕੇ ਉਨ੍ਹਾਂ ਦਸਤਾਵੇਜ਼ਾਂ ਨੂੰ ਚੋਣ ਕਮਿਸ਼ਨ ਦੀ ਵੈਬਸਾਈਟ 'ਤੇ ਅਪਲੋਡ ਕਰਨਗੇ। ਇਸ ਤੋਂ ਬਾਅਦ ਰੀਜ਼ਨਲ ਇਲੈਕਟੋਰਲ ਅਫ਼ਸਰ ਫ਼ੈਸਲਾ ਕਰੇਗਾ।

13 ਕਰੋੜ ਤੋਂ ਵੱਧ ਨਾਮ ਡਰਾਫਟ ਸੂਚੀਆਂ ਵਿੱਚੋਂ ਹਟੇ
ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ SIR ਤਹਿਤ 30 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਡਰਾਫਟ ਵੋਟਰ ਸੂਚੀਆਂ ਵਿੱਚੋਂ 13 ਕਰੋੜ ਤੋਂ ਵੱਧ ਨਾਮ ਹਟਾਏ ਗਏ ਹਨ। ਚੋਣ ਕਮਿਸ਼ਨ ਮੁਤਾਬਕ ਦੇਸ਼ ਵਿੱਚ ਕੁੱਲ 96.88 ਕਰੋੜ ਤੋਂ ਵੱਧ ਵੋਟਰ ਹਨ, ਯਾਨੀ ਲਗਭਗ 14.1% ਵੋਟਰਾਂ ਦੇ ਨਾਮ SIR ਦੌਰਾਨ ਕੱਟੇ ਗਏ ਹਨ।
ਇਸ ਰਿਪੋਰਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਪਿਛਲੇ 10 ਮਹੀਨਿਆਂ ਦੌਰਾਨ ਘੱਟੋ-ਘੱਟ 14 ਵਾਰ ਕਮਿਸ਼ਨ ਦੇ ਕੁਝ ਫੈਸਲਿਆਂ ਅਤੇ ਹੁਕਮਾਂ 'ਤੇ ਲਿਖਤੀ ਇਤਰਾਜ਼ ਦਰਜ ਕੀਤੇ। ਇਨ੍ਹਾਂ ਵਿੱਚ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ, ਵੋਟਰਾਂ ਦੇ ਨਾਮ ਹਟਾਉਣ ਅਤੇ ਬਹਾਲ ਕਰਨ, Form-6 ਵਿੱਚ ਤਬਦੀਲੀ ਅਤੇ ਵੋਟਰ ਡਾਟਾਬੇਸ ਨਾਲ ਸਬੰਧਤ ਮੁੱਦੇ ਸ਼ਾਮਲ ਸਨ।
ਇਹ ਮੀਟਿੰਗ ਉਸ ਸਮੇਂ ਹੋਈ, ਜਦੋਂ ਗਿਆਨੇਸ਼ ਕੁਮਾਰ ਅਤੇ ਦੋਵੇਂ ਚੋਣ ਕਮਿਸ਼ਨਰਾਂ ਵਿਚਕਾਰ ਚੋਣ ਕਮਿਸ਼ਨ ਦੇ ਫੈਸਲਿਆਂ ਨੂੰ ਲੈ ਕੇ ਮਤਭੇਦ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਅਤੇ ਕਾਕਰੋਚ ਜਨਤਾ ਪਾਰਟੀ ਨੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ।


Click it and Unblock the Notifications
