ਪ੍ਰੀਪੇਡ ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ, ਹੁਣ 30 ਮਿਲੇਗਾ ਦਿਨਾਂ ਵਾਲਾ ਰੀਚਾਰਜ਼ ਪਲਾਨ, Raghav Chadha ਨੇ ਚੁੱਕਿਆ ਸੀ ਮੁੱਦਾ
ਦੇਸ਼ ਦੇ ਪ੍ਰੀਪੇਡ ਮੋਬਾਈਲ ਯੂਜ਼ਰਾਂ ਲਈ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਲੋਕਾਂ ਨੂੰ 30 ਦਿਨਾਂ ਵਾਲੇ ਰੀਚਾਰਜ਼ ਪਲਾਨ ਮਿਲਣਗੇ , ਇਸ ਦਾ ਮਤਲਬ ਇਹ ਹੈ ਕਿ ਹੁਣ ਸਾਲ 'ਚ 13 ਨਹੀਂ 12 ਵਾਰ ਹੀ ਰੀਚਾਰਜ਼ ਕਰਵਾਣਾ ਪਏਗਾ।
BJP ਆਗੂ ਰਾਘਵ ਚੱਢਾ ਨੇ ਇਸ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਹੈਂਡਲ X 'ਤੇ ਸਾਂਝੀ ਕਰਦਿਆਂ ਦੱਸਿਆ ਕਿ ਸਰਕਾਰ ਨੇ ਟੈਲੀਕਾਮ ਕੰਜ਼ਿਊਮਰ ਪ੍ਰੋਟੈਕਸ਼ਨ (13ਵਾਂ ਸੋਧ) ਰੈਗੂਲੇਸ਼ਨ, 2026 ਪੇਸ਼ ਕੀਤਾ ਹੈ। ਇਸ ਤਹਿਤ ਹੁਣ ਮੋਬਾਈਲ ਗਾਹਕਾਂ ਨੂੰ ਕਈ ਫਾਇਦੇ ਮਿਲਣਗੇ। ਰਾਘਵ ਚੱਢਾ ਮੁਤਾਬਕ ਹੁਣ 30 ਦਿਨਾਂ ਵਾਲੇ ਰਿਚਾਰਜ ਪਲਾਨ ਉਪਲਬਧ ਹੋਣਗੇ। ਇਸ ਨਾਲ ਗਾਹਕਾਂ ਨੂੰ ਇੱਕ ਸਾਲ ਵਿੱਚ 13 ਮਹੀਨਾਵਾਰ ਰਿਚਾਰਜ ਕਰਵਾਉਣ ਦੀ ਬਜਾਏ 12 ਵਾਰ ਹੀ ਰਿਚਾਰਜ ਕਰਵਾਉਣਾ ਪਵੇਗਾ।

ਡਾਟਾ ਦੀ ਲੋੜ ਨਾ ਵਾਲਿਆਂ ਲਈ ਵੌਇਸ-SMS ਪਲਾਨ
ਰਾਘਵ ਚੱਢਾ ਨੇ ਦੱਸਿਆ ਕਿ ਜਿਨ੍ਹਾਂ ਗਾਹਕਾਂ ਨੂੰ ਮੋਬਾਈਲ ਡਾਟਾ ਦੀ ਲੋੜ ਨਹੀਂ ਹੈ, ਉਨ੍ਹਾਂ ਲਈ ਸਿਰਫ਼ ਵੌਇਸ ਅਤੇ SMS ਵਾਲੇ ਪਲਾਨ ਵੀ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਘੱਟ ਬਜਟ ਵਾਲੇ ਗਾਹਕਾਂ ਲਈ ਵੀ ਅਜਿਹੇ ਪਲਾਨ ਉਪਲਬਧ ਹੋਣਗੇ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਬੇਸਿਕ ਵੌਇਸ ਕਾਲਿੰਗ ਦੀ ਲੋੜ ਹੁੰਦੀ ਹੈ। ਰਾਘਵ ਚੱਢਾ ਨੇ ਕਿਹਾ ਕਿ ਗਾਹਕਾਂ ਨੂੰ ਹੁਣ ਆਪਣੀ ਲੋੜ ਮੁਤਾਬਕ ਹੀ ਸੇਵਾ ਲਈ ਭੁਗਤਾਨ ਕਰਨ ਦਾ ਵਿਕਲਪ ਮਿਲੇਗਾ।
ਰਾਘਵ ਚੱਢਾ ਨੇ ਸੰਸਦ ਵਿੱਚ ਚੁੱਕਿਆ ਸੀ ਮੁੱਦਾ
ਰਾਘਵ ਚੱਢਾ ਨੇ 11 ਮਾਰਚ ਨੂੰ ਸੰਸਦ ਵਿੱਚ ਇਹ ਮੁੱਦਾ ਚੁੱਕਿਆ ਸੀ ਅਤੇ ਗਾਹਕਾਂ ਲਈ ਵੱਧ ਵਿਕਲਪਾਂ ਦੇ ਨਾਲ-ਨਾਲ ਸਸਤੇ ਪਲਾਨ ਦੀ ਮੰਗ ਵੀ ਕੀਤੀ ਸੀ। ਅੱਜ ਇਸ ਖ਼ਬਰ ਦੇ ਨਾਲ ਉਨ੍ਹਾਂ ਭਾਰਤ ਸਰਕਾਰ ਅਤੇ TRAI ਦਾ ਧੰਨਵਾਦ ਵੀ ਕੀਤਾ। ਰਾਘਵ ਚੱਢਾ ਨੇ ਦੱਸਿਆ ਕਿ ਬਹੁਤ ਸਾਰੇ ਅਜਿਹੇ ਗਾਹਕ ਹਨ, ਜਿਨ੍ਹਾਂ ਨੂੰ ਡਾਟਾ ਦੀ ਲੋੜ ਨਹੀਂ ਹੁੰਦੀ ਅਤੇ ਉਹ ਸਿਰਫ਼ ਵੌਇਸ ਸੇਵਾ ਚਾਹੁੰਦੇ ਹਨ। ਅਜਿਹੇ ਗਾਹਕਾਂ ਲਈ ਸਿਰਫ਼ ਇਨਕਮਿੰਗ ਅਤੇ ਆਊਟਗੋਇੰਗ ਕਾਲਾਂ ਵਾਲੇ ਵੌਇਸ-ਓਨਲੀ ਪਲਾਨ ਵੀ ਉਪਲਬਧ ਹੋਣਗੇ।
ਰਾਘਵ ਚੱਢਾ ਨੇ ਕਿਹਾ ਕਿ ਇਹ ਇਸ ਗੱਲ ਦੀ ਉਦਾਹਰਨ ਹੈ ਕਿ ਜਦੋਂ ਇੱਕ ਸੰਸਦ ਮੈਂਬਰ ਲੋਕਾਂ ਦੀ ਮੰਗ ਨੂੰ ਸੰਸਦ ਵਿੱਚ ਚੁੱਕਦਾ ਹੈ ਅਤੇ ਲੋਕ ਵੀ ਉਸ ਮੁੱਦੇ ਨੂੰ ਸਮਰਥਨ ਦਿੰਦੇ ਹਨ ਤਾਂ ਸਰਕਾਰ ਤੱਕ ਇਹ ਗੱਲ ਪਹੁੰਚਦੀ ਹੈ। ਉਨ੍ਹਾਂ ਇਸ ਨੂੰ 'ਰਚਨਾਤਮਕ ਰਾਜਨੀਤੀ' ਦੀ ਉਦਾਹਰਨ ਦੱਸਦਿਆਂ ਕਿਹਾ ਕਿ ਅੱਗੇ ਵੀ ਲੋਕਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਮਿਲ ਕੇ ਹੱਲ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ।


Click it and Unblock the Notifications
