50 ਹਜ਼ਾਰ ਰਿਸ਼ਵਤ ਮਾਮਲਾ : ਵਿਜੀਲੈਂਸ ਟੀਮ ਨੇ ਮਹਿਲਾ SHO ਨੂੰ ਕੀਤਾ ਗ੍ਰਿਫ਼ਤਾਰ, SHO ਨੇ 1 ਲੱਖ ਦੀ ਕੀਤੀ ਸੀ ਡੀਲ!
ਪੰਜਾਬ ਪੁਲਿਸ ਦੀ ਇੱਕ ਮਹਿਲਾ SHO ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਵੱਲੋਂ ਦੇਰ ਰਾਤ ਇਹ ਕਾਰਵਾਈ ਕੀਤੀ ਗਈ। ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫ਼ਸਰ ਇੰਸਪੈਕਟਰ ਸੁਨੀਤਾ ਬਾਵਾ ਅਤੇ ਉਸਦੇ ਸਰਕਾਰੀ ਗੰਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ ਕਥਿਤ ਤੌਰ 'ਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਨੂਰਪੁਰ ਹਕੀਮਾਂ ਵਾਸੀ ਰਾਜਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਨੇ ਵਿਜੀਲੈਂਸ ਬਿਊਰੋ ਮੋਗਾ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਇੱਕ ਮਾਮਲੇ ਨੂੰ ਰਫਾ-ਦਫਾ ਕਰਨ ਦੇ ਬਦਲੇ ਥਾਣਾ ਮੁਖੀ ਵੱਲੋਂ ਕਥਿਤ ਤੌਰ 'ਤੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ।

ਜਿਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਗੱਲ ਹੋਈ ਸੀ ਉਹ ਮਾਮਲਾ NDPS ਦਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 1 ਲੱਖ ਰੁਪਏ 'ਚ ਡੀਲ ਪੱਕੀ ਹੋਈ ਸੀ ਅਤੇ ਕੇਸ ਵਿੱਚ ਨਾਮਜ਼ਦ ਨਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ।
ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਕਥਿਤ ਤੌਰ 'ਤੇ ਜਾਲ ਵਿਛਾਇਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਕਰੀਬ 9 ਵਜੇ ਜੀਰਾ ਰੋਡ 'ਤੇ ਇੱਕ ਨਿਰਧਾਰਤ ਸਥਾਨ 'ਤੇ ਥਾਣਾ ਮੁਖੀ ਦੇ ਗੰਨਮੈਨ ਗੁਰਅਵਤਾਰ ਸਿੰਘ ਨੂੰ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਵਿਜੀਲੈਂਸ ਟੀਮ ਨੇ ਕਾਬੂ ਕੀਤਾ।
ਮੁੱਢਲੀ ਜਾਣਕਾਰੀ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੰਨਮੈਨ ਵੱਲੋਂ ਸੁਨੀਤਾ ਬਾਵਾ ਨਾਲ ਫੋਨ 'ਤੇ ਗੱਲ ਕਰਵਾਈ ਗਈ ਅਤੇ ਕਥਿਤ ਤੌਰ 'ਤੇ ਪੈਸੇ ਦੇਣ ਸਬੰਧੀ ਗੱਲਬਾਤ ਹੋਈ। ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੋਸਝਲ ਮੀਡੀਆ ਹੈਂਡਲ 'ਤੇ ਪੋਸਟ ਵੀ ਪਾਈ ਗਈ ਹੈ। ਇਸ ਮਾਮਲੇ ਵਾਰੇ ਪੇਜ਼ 'ਤੇ ਲਿਖਿਆ ਗਿਆ ਹੈ ਕਿ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟਾਲਰੈਂਸ ਨੀਤੀ ਹੈ। ਪੋਸਟ ਵਿੱਚ ਲੇਡੀ ਇੰਸਪੈਕਟਰ ਅਤੇ ਉਸਦੇ ਸਾਥੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਵੀ ਕੀਤੀ ਗਈ ਹੈ।


Click it and Unblock the Notifications
