ਨਸ਼ੇ ਅਤੇ ਹਥਿਆਰਾਂ ਸਣੇ ਕਾਊਂਟਰ ਇੰਟੈਲੀਜੈਂਸ ਦਾ ਇੰਸਪੈਕਟਰ ਕਾਬੂ, ਜਾਣੋ ਕਿੱਥੇ ਲੈ ਕੇ ਜਾ ਰਿਹਾ ਸੀ ਨਸ਼ਾ?
ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੇ ਖ਼ਾਕੀ ਵਰਦੀ ਨੂੰ ਦਾਗ਼ ਲਾਇਆ ਹੈ। ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਦੇ ਕੋਲੋਂ ਵੱਡੀ ਮਾਤਰਾ 'ਚ ਨਸ਼ਾ ਅਤੇ ਹਥਿਆਰ ਬਰਾਮਦ ਹੋਏ ਹਨ। ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਮਾਮਲੇ 'ਚ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਰਹੇ ਇੰਸਪੈਕਟਰ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਘੱਲ ਖੁਰਦ ਪੁਲਸ ਨੇ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਰਹੇ ਇੰਸਪੈਕਟਰ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ 3 ਕਿਲੋ 350 ਗ੍ਰਾਮ ਹੈਰੋਇਨ, 6 ਪਿਸਤੌਲ, 4 ਮੈਗਜ਼ੀਨ ਅਤੇ 17 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਸ ਤੋਂ ਇਲਾਵਾ ਇੱਕ ਔਡੀ ਕਾਰ (PB-05-AC-6517) ਅਤੇ 6 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ 26 ਸਤੰਬਰ ਨੂੰ ਥਾਣਾ ਘੱਲ ਖੁਰਦ ਦੇ ਐੱਸਐੱਚਓ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਕਾਊਂਟਰ ਇੰਟੈਲੀਜੈਂਸ ਦੀ ਫਰੀਦਕੋਟ ਯੂਨਿਟ ਵਿੱਚ ਤਾਇਨਾਤ ਇੰਸਪੈਕਟਰ ਬਲਦੇਵ ਸਿੰਘ ਆਪਣੀ ਔਡੀ ਕਾਰ ਵਿੱਚ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਹਥਿਆਰ ਲੈ ਕੇ ਜਾ ਰਿਹਾ ਹੈ।
ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਨਾਕਾਬੰਦੀ ਕਰਕੇ ਕਾਰ ਨੂੰ ਰੋਕਿਆ ਅਤੇ ਬਲਦੇਵ ਸਿੰਘ ਨੂੰ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਦੌਰਾਨ ਪੁਲਸ ਨੂੰ 3 ਕਿਲੋ 350 ਗ੍ਰਾਮ ਹੈਰੋਇਨ, 6 ਪਿਸਤੌਲ, 4 ਮੈਗਜ਼ੀਨ ਅਤੇ 17 ਜ਼ਿੰਦਾ ਕਾਰਤੂਸ ਮਿਲੇ। ਪੁਲਿਸ ਨੇ ਕਾਰ ਅਤੇ 6 ਮੋਬਾਈਲ ਫੋਨ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਮਾਮਲੇ ਵਿੱਚ NDPS ਐਕਟ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਾਰੇ ਪੂਰੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ 'ਚ ਪੁਲਿਸ ਮੁਲਾਜ਼ਮ ਦੇ ਜੋ ਵੀ ਸਾਥੀ ਹਨ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਫਿਰ ਚਾਹੇ ਉਹ ਸਾਥੀ ਪੁਲਿਸ ਮਹਿਕਮੇ ਤੋਂ ਹੀ ਕਿਉਂ ਨਾ ਹੋਣ। ਉਨ੍ਹਾਂ ਕਿਹਾ ਕਿ ਨਸ਼ੇ ਅਤੇ ਅਪਰਾਧ ਖ਼ਿਲਾਫ ਪੰਜਾਬ ਪੁਲਿਸ ਕੰਮ ਕਰਦੀ ਰਹੇਗੀ।


Click it and Unblock the Notifications
