ਸਾਬਕਾ DIG ਰਿਸ਼ਵਤਖੋਰੀ ਮਾਮਲਾ : CBI ਕੋਰਟ ’ਚ ਆਕਾਸ਼ ਬੱਤਾ ਦੀ ਗਵਾਹੀ, ਕੋਰਟ ’ਚ ਭੁੱਲਰ ਦੀ ਕੀਤੀ ਪਛਾਣ
ਪੰਜਾਬ ਦੇ ਸਾਬਕਾ DIG ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਅੱਜ ਚੰਡੀਗੜ੍ਹ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿੱਚ ਇੱਕ ਅਹਿਮ ਸੁਣਵਾਈ ਹੋਈ । ਇਸ ਸੁਣਵਾਈ ਦੌਰਾਨ ਮੰਡੀ ਗੋਬਿੰਦਗੜ੍ਹ ਦੇ ਵਪਾਰੀ ਅਤੇ ਸ਼ਿਕਾਇਤਕਰਤਾ ਆਕਾਸ਼ ਬੱਤਾ ਪਹਿਲੀ ਵਾਰ ਚੰਡੀਗੜ੍ਹ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਗਵਾਹੀ ਦੇਣ ਲਈ ਪੇਸ਼ ਹੋਏ।
ਜਾਣਕਾਰੀ ਮੁਤਾਬਕ ਮਾਮਲੇ ਵਿੱਚ ਸ਼ਿਕਾਇਤਕਰਤਾ ਆਕਾਸ਼ ਬੱਤਾ ਦੀ ਮੌਜੂਦਗੀ ਸਮੇਂ ਸਾਬਕਾ DIG ਭੁੱਲਰ ਵੀ ਅਦਾਲਤ ਵਿੱਚ ਮੌਜੂਦ ਸਨ । CBI ਜੱਜ ਨੇ ਆਕਾਸ਼ ਬੱਤਾ ਤੋਂ ਮਾਮਲੇ ਸਬੰਧੀ ਕਈ ਸਵਾਲ ਪੁੱਛੇ। ਦੱਸਿਆ ਜਾ ਰਿਹਾ ਹੈ ਬੱਤਾ ਨੇ ਇਸ ਮੌਕੇ ਕ੍ਰਿਸ਼ਾਨੂੰ ਸ਼ਾਰਦਾ ਦਾ ਜ਼ਿਕਰ ਵੀ ਕੀਤਾ।

ਅਦਾਲਤ ਵਿੱਚ ਭੁੱਲਰ ਦੀ ਪਛਾਣ ਕੀਤੀ
ਸੁਣਵਾਈ ਦੌਰਾਨ CBI ਜੱਜ ਨੇ ਬੱਤਾ ਨੂੰ ਪਿੱਛੇ ਬੈਠੇ ਹਰਚਰਨ ਸਿੰਘ ਭੁੱਲਰ ਵੱਲ ਇਸ਼ਾਰਾ ਕਰਦਿਆਂ ਪੁੱਛਿਆ ਕਿ ਕੀ ਇਹ ਉਹੀ ਵਿਅਕਤੀ ਹਨ, ਜਿਨ੍ਹਾਂ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ ਅਤੇ ਜਿਨ੍ਹਾਂ 'ਤੇ ਕੇਸ ਵਿੱਚੋਂ ਨਾਮ ਕਢਵਾਉਣ ਲਈ ਪੈਸੇ ਮੰਗਣ ਦਾ ਦੋਸ਼ ਹੈ। ਆਕਾਸ਼ ਬੱਤਾ ਨੇ ਹਰਚਰਨ ਸਿੰਘ ਭੁੱਲਰ ਦੀ ਪਛਾਣ ਕਰਦਿਆਂ ਕਿਹਾ ਕਿ ਹਾਂ, ਇਹੀ ਹਰਚਰਨ ਸਿੰਘ ਭੁੱਲਰ ਹਨ, ਜਿਨ੍ਹਾਂ 'ਤੇ ਕੇਸ ਵਿੱਚੋਂ ਨਾਮ ਕਢਵਾਉਣ ਲਈ ਪੈਸੇ ਮੰਗਣ ਦਾ ਦੋਸ਼ ਹੈ।
ਬੱਤਾ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਹ ਕਾਰੋਬਾਰੀ ਹਨ ਅਤੇ ਉਨ੍ਹਾਂ ਖ਼ਿਲਾਫ਼ ਇੱਕ ਮਾਮਲਾ ਦਰਜ ਸੀ। ਕੇਸ ਵਿੱਚੋਂ ਨਾਮ ਕਢਵਾਉਣ ਲਈ ਕ੍ਰਿਸ਼ਨੂ ਸ਼ਾਰਦਾ ਨੇ ਕਿਹਾ ਸੀ ਕਿ ਉਸ ਦੀ ਤਤਕਾਲੀ DIG ਹਰਚਰਨ ਸਿੰਘ ਭੁੱਲਰ ਨਾਲ ਚੰਗੀ ਜਾਣ-ਪਛਾਣ ਹੈ। ਇਸ ਤੋਂ ਬਾਅਦ ਕ੍ਰਿਸ਼ਨੂ ਸ਼ਾਰਦਾ ਨੇ ਚੰਡੀਗੜ੍ਹ ਵਿੱਚ ਭੁੱਲਰ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ। ਬੱਤਾ ਮੁਤਾਬਕ, ਇਸ ਦੌਰਾਨ ਐਡਵਾਂਸ ਵਜੋਂ 1 ਲੱਖ ਰੁਪਏ ਦੇਣ ਦੀ ਗੱਲ ਹੋਈ। ਇਸ ਤੋਂ ਬਾਅਦ ਵੀ ਉਨ੍ਹਾਂ ਦੀ ਭੁੱਲਰ ਨਾਲ ਮੁਲਾਕਾਤ ਹੋਈ, ਜਿੱਥੇ ਕਥਿਤ ਤੌਰ 'ਤੇ 'ਸੇਵਾ-ਪਾਣੀ' ਕਰਨ ਦੀ ਗੱਲ ਕਹੀ ਗਈ ਅਤੇ 4 ਲੱਖ ਰੁਪਏ ਦੇਣ ਲਈ ਕਿਹਾ ਗਿਆ।
ਦੱਸਣਯੋਗ ਹੈ ਕਿ ਹਰਚਰਨ ਸਿੰਘ ਭੁੱਲਰ ਨੂੰ CBI ਨੇ 16 ਅਕਤੂਬਰ 2025 ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ CBI ਨੇ ਉਨ੍ਹਾਂ ਦੇ ਸੈਕਟਰ-40 ਸਥਿਤ ਘਰ 'ਤੇ ਵੀ ਤਲਾਸ਼ੀ ਲਈ ਸੀ। ਜਾਂਚ ਏਜੰਸੀ ਦੀ ਕਾਰਵਾਈ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ, ਸੋਨਾ ਅਤੇ ਹੋਰ ਕੀਮਤੀ ਸਮਾਨ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਇੱਕ ਵੱਖਰੇ ਮਾਮਲੇ ਵਿੱਚ ਵੀ CBI ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਸ਼ੁਰੂ ਕੀਤੀ ਗਈ ਸੀ।


Click it and Unblock the Notifications
