30 ਸਤੰਬਰ ਨੂੰ ਜਲੰਧਰ ਆਉਣਗੇ ਅਮਿਤ ਸ਼ਾਹ, ਤਿਆਰੀਆਂ ਜੋਰਾਂ 'ਤੇ, BJP ਦੀ ਨਜ਼ਰ 2027 'ਤੇ
ਪੰਜਾਬ 'ਚ ਭਾਜਪਾ ਵੱਲੋਂ ਕੱਢੀ ਜਾ ਰਹੀ 'ਨਸ਼ਾ ਮੁਕਤ ਪੰਜਾਬ ਯਾਤਰਾ' ਜਾਰੀ ਹੈ। ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਭਾਜਪਾ ਵੱਲੋਂ ਸੂਬੇ 'ਚ ਕੁੱਲ 4 ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਇਹ ਯਾਤਰਾਵਾਂ 18 ਸਤੰਬਰ ਤੋਂ ਸ਼ੁਰੂ ਹੋਈਆਂ ਹਨ ਜੋ 30 ਸਤੰਬਰ ਨੂੰ ਜਲੰਧਰ 'ਚ ਸਮਾਪਤ ਹੋਣਗੀਆਂ।
ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ 'ਚ ਰੈਲੀ ਨੂੰ ਸੰਬੋਧਨ ਕਰਨਗੇ। ਰੈਲੀ ਲਈ ਪੰਜਾਬ ਭਾਜਪਾ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਲੰਧਰ-ਫਗਵਾੜਾ ਹਾਈਵੇਅ 'ਤੇ ਲਿਲੀ ਰਿਜ਼ੌਰਟਸ ਨਾਲ ਲੱਗਦੇ ਖੁੱਲ੍ਹੇ ਖੇਤਾਂ ਨੂੰ ਰੈਲੀ ਲਈ ਤੈਅ ਕੀਤਾ ਗਿਆ ਹੈ।

ਪੰਡਾਲ ਲਗਾਉਣ ਤੋਂ ਪਹਿਲਾਂ ਅੱਜ ਸਵੇਰੇ ਇੱਥੇ ਧਾਰਮਿਕ ਰੀਤੀ-ਰਿਵਾਜਾਂ ਨਾਲ ਭੂਮੀ ਪੂਜਨ ਕੀਤਾ ਗਿਆ। ਇਸ ਮੌਕੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਅਸ਼ੋਕ ਮਿੱਤਲ ਨੇ ਕਿਹਾ ਕਿ ਭਾਜਪਾ ਵੱਲੋਂ ਚਲਾਈ ਜਾ ਰਹੀ 'ਨਸ਼ਾ ਮੁਕਤ ਪੰਜਾਬ ਯਾਤਰਾ' ਨੂੰ ਲੋਕਾਂ ਦਾ ਸਮਰਥਨ ਅਤੇ ਸਹਿਯੋਗ ਮਿਲ ਰਿਹਾ ਹੈ।
ਇਹ ਯਾਤਰਾਵਾਂ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰ ਰਹੀਆਂ ਹਨ। ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਰੈਲੀ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਰੈਲੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ, ਸੁਸ਼ਾਸਨ ਅਤੇ ਵਿਕਾਸ ਦੇ ਸੰਕਲਪ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਹੋਵੇਗੀ।
ਉਨ੍ਹਾਂ ਦੱਸਿਆ ਕਿ ਭਾਜਪਾ ਵਰਕਰ ਬੂਥ ਪੱਧਰ 'ਤੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਭਾਜਪਾ ਦੀ ਇਹ ਮੁਹਿੰਮ 30 ਸਤੰਬਰ ਨੂੰ ਜਲੰਧਰ ਵਿੱਚ ਹੋਣ ਵਾਲੀ ਰੈਲੀ ਨਾਲ ਸਮਾਪਤ ਹੋਵੇਗੀ। ਦੱਸ ਦਈਏ ਕਿ 2027 'ਚ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਹੋਣੀਆਂ ਹਨ ਜਿਸਨੂੰ ਲੈ ਕੇ ਹਰ ਇੱਕ ਪਾਰਟੀ ਪੱਬਾਂ ਭਾਰ ਹੋਈ ਪਈ ਹੈ। ਰੈਲੀਆਂ ਅਤੇ ਘਰ -ਘਰ ਜਾ ਕੇ ਲੋਕਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ। ਪੰਜਾਬ 'ਚ ਇਸ ਵਾਰ BJP ਵੱਡਾ ਦਾਅ ਖੇਡਣ ਦੀ ਤਿਆਰੀ ਕਰ ਰਹੀ ਹੈ , ਨਸ਼ਿਆਂ ਦੇ ਮੁੱਦੇ ਨੂੰ ਕੈਸ਼ ਕਰ ਕੇ ਪਾਰਟੀ ਲੋਕਾਂ ਤੱਕ ਆਪਣੀ ਪਹੁੰਚ ਬਣਾਉਣਾ ਚਾਹੁੰਦੀ ਹੈ , ਨਾ ਸਿਰਫ਼ ਸ਼ਹਿਰ ਬਲਕਿ ਪਿੰਡਾਂ 'ਚ ਵੀ ਆਪਣਾ ਅਧਾਰ ਮਜ਼ਬੂਤ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ।
ਪੰਜਾਬ 'ਚ BJP ਦੇ ਵੱਡੇ ਆਗੂ ਵਾਰ-ਵਾਰ ਇਹ ਦਾਅਵੇ ਕਰਦੇ ਹਨ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ BJP ਨੂੰ ਲੋਕਾਂ ਨੂੰ ਅਪਣਾਉਣਾ ਹੀ ਪੈਣਾ ਕਿਉਂਕਿ BJP ਹੀ ਪੰਜਾਬ ਦਾ ਭਲਾ ਕਰ ਸਕਦੀ ਹੈ। ਚੋਣਾਂ ਤੋਂ ਪਹਿਲਾਂ ਵੈਸੇ ਤਾਂ BJP ਦੀ ਕਈ ਰੈਲੀਆਂ ਪੰਜਾਬ 'ਚ ਹੋਣੀਆਂ ਹਨ ਪਰ ਅਮਿਤ ਸ਼ਾਹ ਦੀ ਇਸ ਰੈਲੀ ਤੋਂ ਬਾਅਦ ਵਰਕਰਾਂ ਨੂੰ ਖ਼ਾਸਾ ਜੋਸ਼ ਮਿਲਣ ਵਾਲਾ ਹੈ।


Click it and Unblock the Notifications
