ਯਮੁਨਾ ਐਕਸਪ੍ਰੈੱਸ-ਵੇਅ ’ਤੇ ਦਰਦਨਾਕ ਹਾਦਸਾ ! AC ਬੱਸ ਬਣੀ ਅੱਗ ਦਾ ਗੋਲਾ, ਜ਼ਿੰਦਾ ਸੜੇ 9 ਲੋਕ
ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਯਮੁਨਾ ਐਕਸਪ੍ਰੈੱਸ-ਵੇਅ 'ਤੇ ਬੁੱਧਵਾਰ ਦੇਰ ਰਾਤ ਇੱਕ ਪ੍ਰਾਈਵੇਟ ਸਲੀਪਰ AC ਬੱਸ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 9 ਯਾਤਰੀਆਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕਾਂ ਵਿੱਚ 8 ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ।
ਦੱਸ ਦਈਏ ਕਿ ਬੱਸ ਵਿੱਚ ਕੁੱਲ 35 ਯਾਤਰੀ ਸਵਾਰ ਸਨ। ਹਾਦਸਾ ਰਾਤ ਕਰੀਬ 11:30 ਵਜੇ ਜੇਵਰ ਏਅਰਪੋਰਟ ਤੋਂ ਲਗਭਗ 500 ਮੀਟਰ ਦੂਰ ਵਾਪਰਿਆ। ਇਹ ਬੱਸ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਰਾਤ 9:30 ਵਜੇ ਮਹੋਬਾ ਲਈ ਰਵਾਨਾ ਹੋਈ ਸੀ।

AC ਵਿੱਚ ਸਪਾਰਕ ਜਾਂ ਬਲਾਸਟ ਕਾਰਨ ਅੱਗ ਲੱਗਣ ਦਾ ਖਦਸ਼ਾ
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ AC ਵਿੱਚ ਸਪਾਰਕ ਜਾਂ ਬਲਾਸਟ ਹੋਣ ਕਾਰਨ ਇੰਜਣ ਵਿੱਚ ਅੱਗ ਲੱਗੀ ਹੋ ਸਕਦੀ ਹੈ। ਅੱਗ ਨੇ ਕੁਝ ਹੀ ਸਮੇਂ ਵਿੱਚ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚੀਆਂ। ਕਰੀਬ 45 ਮਿੰਟ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬੱਸ ਦੇ ਪਿਛਲੇ ਹਿੱਸੇ ਨੂੰ ਕੱਟ ਕੇ ਅੰਦਰ ਦਾਖਲ ਹੋ ਕੇ ਇੱਕ-ਇੱਕ ਕਰਕੇ 9 ਲਾਸ਼ਾਂ ਨੂੰ ਬਾਹਰ ਕੱਢਿਆ। ਰਾਹਤ ਅਤੇ ਬਚਾਅ ਕਾਰਜ ਕਰੀਬ 2 ਘੰਟਿਆਂ ਤੱਕ ਚੱਲਿਆ। ਬੱਸ ਵਿੱਚ ਸਵਾਰ ਕਈ ਯਾਤਰੀਆਂ ਨੇ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਬਾਹਰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਦੀ ਟੀਮ ਨੇ ਵੀ 20 ਯਾਤਰੀਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਬੱਸ ਵਿੱਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਮ੍ਰਿਤਕਾਂ ਦੇ ਸਰੀਰ ਬੁਰੀ ਤਰ੍ਹਾਂ ਸੜ ਗਏ। ਇਸ ਕਾਰਨ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ।
ਹਾਦਸੇ ਵਿੱਚ 'ਰਾਜ ਕਲਪਨਾ ਟ੍ਰੈਵਲਜ਼' ਦੀ ਇਹ ਬੱਸ ਸੜ ਕੇ ਪੂਰੀ ਤਰ੍ਹਾਂ ਖਾਕ ਹੋ ਗਈ। ਪੁਲਿਸ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਹਾਦਸੇ ਵਾਲੀ ਥਾਂ ਤੋਂ ਕਰੀਬ 300 ਮੀਟਰ ਦੂਰ ਪੁਲਿਸ ਪੈਟਰੋਲਿੰਗ ਗੱਡੀ ਖੜ੍ਹੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਕਰੀਬ 10 ਮਿੰਟ ਵਿੱਚ ਬੱਸ ਕੋਲ ਪਹੁੰਚ ਗਈ। ਜਿਸਤੋਂ ਬਾਅਦ ਮੌਕੇ 'ਤੇ ਗ੍ਰੇਟਰ ਨੋਇਡਾ ਅਤੇ ਯਮੁਨਾ ਐਕਸਪ੍ਰੈੱਸ-ਵੇਅ 'ਤੇ ਤਾਇਨਾਤ ਕਰੀਬ 20 ਐਂਬੂਲੈਂਸਾਂ ਨੂੰ ਭੇਜਿਆ ਗਿਆ। ਇਨ੍ਹਾਂ ਰਾਹੀਂ ਜ਼ਖਮੀਆਂ ਨੂੰ ਗ੍ਰੇਟਰ ਨੋਇਡਾ ਦੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਹਾਲਾਂਕਿ ਸਵੇਰੇ ਕਰੀਬ 3 ਵਜੇ ਡਾਕਟਰਾਂ ਨੇ 9 ਯਾਤਰੀਆਂ ਨੂੰ ਮ੍ਰਿਤਕ ਐਲਾਨ ਦਿੱਤਾ।


Click it and Unblock the Notifications
