flydubai ਦੀ ਫ਼ਲਾਈਟ ਤੋਂ ਭੇਜਿਆ ਗਿਆ Hijack Alert, ਇਜ਼ਰਾਈਲ ਨੇ ਜਹਾਜ਼ ਵੱਲ੍ਹ ਭੇਜੇ ਆਪਣੇ ਫਾਈਟਰ ਜੈੱਟ, ਪੜ੍ਹੋ ਪੂਰਾ ਮਾਮਲਾ।
ਦੁਬਈ ਤੋਂ ਤੇਲ ਅਵੀਵ ਜਾ ਰਹੀ Flydubai ਦੀ ਫਲਾਈਟ ਤੋਂ ਅਚਾਨਕ ਹਾਈਜੈਕ ਅਲਰਟ ਮਿਲਣ ਤੋਂ ਬਾਅਦ ਇਜ਼ਰਾਈਲ ਵਿੱਚ ਹੜਕੰਪ ਮਚ ਗਿਆ। ਜਹਾਜ਼ ਤੋਂ ਐਮਰਜੈਂਸੀ 7500 ਕੋਡ ਭੇਜਿਆ ਗਿਆ ਸੀ ਜਿਸਤੋਂ ਬਾਅਦ ਇਜ਼ਰਾਈਲ ਨੇ ਜਹਾਜ਼ ਵੱਲ ਆਪਣੇ ਫਾਈਟਰ ਜੈੱਟ ਭੇਜ ਦਿੱਤੇ।
ਦੱਸ ਦਈਏ ਕਿ 7500 ਕੋਡ ਹਾਈਜੈਕ ਜਾਂ ਜਹਾਜ਼ ਵਿੱਚ ਗੈਰ-ਕਾਨੂੰਨੀ ਦਖਲ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਦੌਰਾਨ ਫਲਾਈਟ ਨੇ ਆਪਣਾ ਰਸਤਾ ਬਦਲ ਲਿਆ ਅਤੇ ਸਾਊਦੀ ਅਰਬ ਦੇ ਤਾਬੁਕ ਏਅਰਪੋਰਟ 'ਤੇ ਲੈਂਡਿੰਗ ਕੀਤੀ। ਜਹਾਜ਼ ਵਿੱਚ ਕਰੀਬ 180 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 150 ਤੋਂ ਵੱਧ ਇਜ਼ਰਾਈਲੀ ਨਾਗਰਿਕ ਦੱਸੇ ਜਾ ਰਹੇ ਹਨ।

ਲੈਂਡਿੰਗ ਤੋਂ ਬਾਅਦ ਸਾਹਮਣੇ ਆਈ ਅਸਲ ਗੱਲ
ਜਹਾਜ਼ ਦੇ ਸਾਊਦੀ ਅਰਬ ਵਿੱਚ ਉਤਰਣ ਤੋਂ ਬਾਅਦ ਸਾਹਮਣੇ ਆਇਆ ਕਿ ਜਹਾਜ਼ ਵਿੱਚ ਹਾਈਜੈਕ ਵਰਗੀ ਕੋਈ ਸਥਿਤੀ ਨਹੀਂ ਸੀ। ਇਜ਼ਰਾਈਲੀ ਸੁਰੱਖਿਆ ਸੂਤਰਾਂ ਮੁਤਾਬਕ, ਪਾਇਲਟਾਂ ਵਿਚਕਾਰ ਹੋਈ ਕਹਾਸੁਣੀ ਤੋਂ ਬਾਅਦ ਇਹ ਸਿਗਨਲ ਜਹਾਜ਼ ਤੋਂ ਭੇਜੇ ਗਏ ਸਨ। ਇੱਕ ਅੰਗਰੇਜ਼ੀ ਚੈਨਲ ਦੀ ਰਿਪੋਰਟ ਮੁਤਾਬਕ, ਜਹਾਜ਼ ਵਿੱਚ ਦੋਵੇਂ ਪਾਇਲਟਾਂ ਵਿਚਕਾਰ ਕਥਿਤ ਤੌਰ 'ਤੇ ਹਿੰਸਕ ਘਟਨਾ ਵੀ ਵਾਪਰੀ ਸੀ। ਇਸ ਤੋਂ ਬਾਅਦ ਫਲਾਈਟ ਨੂੰ ਸਾਊਦੀ ਅਰਬ ਵੱਲ ਮੋੜਿਆ ਗਿਆ ਸੀ।
ਫਲਾਈਟ-ਟ੍ਰੈਕਿੰਗ ਡਾਟਾ ਮੁਤਾਬਕ, ਜਹਾਜ਼ ਸਾਊਦੀ ਅਰਬ ਦੇ ਉੱਪਰ ਪਹੁੰਚਣ ਤੋਂ ਬਾਅਦ ਆਪਣੇ ਨਿਰਧਾਰਤ ਰਸਤੇ ਤੋਂ ਮੁੜ ਗਿਆ। ਇਸ ਤੋਂ ਬਾਅਦ ਜਹਾਜ਼ ਤਾਬੁਕ ਏਅਰਪੋਰਟ ਵੱਲ ਵਧਿਆ। ਕੁਝ ਸਮੇਂ ਲਈ ਫਲਾਈਟ-ਟ੍ਰੈਕਿੰਗ ਵੈੱਬਸਾਈਟਾਂ 'ਤੇ ਜਹਾਜ਼ ਦੀ ਸਥਿਤੀ ਦਿਖਾਈ ਦੇਣੀ ਵੀ ਬੰਦ ਹੋ ਗਈ ਸੀ। ਜਹਾਜ਼ ਤੋਂ ਅਲਰਟ ਮਿਲਣ ਤੋਂ ਬਾਅਦ ਇਜ਼ਰਾਈਲ ਦੀਆਂ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਸਨ । ਰਿਪੋਰਟ ਮੁਤਾਬਕ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਵੀ ਮਾਮਲੇ ਨੂੰ ਲੈ ਕੇ ਐਮਰਜੈਂਸੀ ਗੱਲਬਾਤ ਕੀਤੀ ਸੀ ।
ਇਸ ਦੌਰਾਨ ਜਹਾਜ਼ ਦੀ ਸਥਿਤੀ ਅਤੇ ਉਸ ਵਿੱਚ ਸਵਾਰ ਯਾਤਰੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ। ਇਜ਼ਰਾਈਲੀ ਏਅਰਫੋਰਸ ਦੇ ਫਾਈਟਰ ਜੈੱਟ ਵੀ ਜਹਾਜ਼ ਵੱਲ ਭੇਜੇ ਗਏ ਸਨ।
ਪਾਇਲਟਾਂ ਵਿਚਕਾਰ ਕਿਸ ਗੱਲ ਨੂੰ ਲੈ ਕੇ ਹੋਈ ਬਹਿਸ?
ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਪਾਇਲਟਾਂ ਵਿਚਕਾਰ ਕਿਸ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਇਹ ਵੀ ਸਪੱਸ਼ਟ ਨਹੀਂ ਹੈ ਕਿ 7500 ਕੋਡ ਕਿਸ ਕਾਰਨ ਭੇਜਿਆ ਗਿਆ ਸੀ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Click it and Unblock the Notifications
