SpiceJet ਦੀਆਂ ਫਲਾਈਟਾਂ ਦਾ ਬੁਰਾ ਹਾਲ! ਲੋਕਾਂ ਦਾ ਚੜ੍ਹਿਆ ਪਾਰਾ!
ਸਪਾਈਸਜੈੱਟ ਦੀਆਂ ਦਿੱਲੀ ਤੋਂ ਦੁਬਈ ਜਾਣ ਵਾਲੀਆਂ ਦੋ ਫਲਾਈਟਾਂ 24 ਘੰਟਿਆਂ ਤੋਂ ਵੱਧ ਲੇਟ ਹੋ ਗਈਆਂ। ਫਲਾਈਟ ਲੇਟ ਹੋਣ ਤੋਂ ਪਰੇਸ਼ਾਨ ਕਰੀਬ 200 ਯਾਤਰੀਆਂ ਨੇ ਮੰਗਲਵਾਰ ਨੂੰ ਦਿੱਲੀ ਏਅਰਪੋਰਟ ਦੇ ਟਰਮੀਨਲ-3 ਅੰਦਰ ਜ਼ਮੀਨ 'ਤੇ ਬੈਠ ਕੇ ਪ੍ਰਦਰਸ਼ਨ ਕੀਤਾ।
ਯਾਤਰੀ ਸੋਮਵਾਰ ਤੋਂ ਆਪਣੀ ਫਲਾਈਟ ਦੀ ਉਡੀਕ ਕਰ ਰਹੇ ਸਨ। ਹਾਲਾਂਕਿ, ਬਿਨਾਂ ਕੋਈ ਸਪੱਸ਼ਟ ਕਾਰਨ ਦੱਸੇ ਦੋਵਾਂ ਫਲਾਈਟਾਂ ਦਾ ਸ਼ੈਡਿਊਲ ਵਾਰ-ਵਾਰ ਬਦਲਿਆ ਗਿਆ। ਦੋਵੇਂ ਫਲਾਈਟਾਂ ਮੰਗਲਵਾਰ ਦੁਪਹਿਰ ਤੱਕ ਵੀ ਉਡਾਣ ਨਹੀਂ ਭਰ ਸਕੀਆਂ।

ਦੋ ਫਲਾਈਟਾਂ ਹੋਈਆਂ ਲੇਟ
ਪਹਿਲੀ ਫਲਾਈਟ SG 5111 ਨੇ ਸੋਮਵਾਰ ਸਵੇਰੇ 8:30 ਵਜੇ ਦਿੱਲੀ ਤੋਂ ਉਡਾਣ ਭਰਨੀ ਸੀ ਅਤੇ 11:15 ਵਜੇ ਦੁਬਈ ਪਹੁੰਚਣਾ ਸੀ।
ਦੂਜੀ ਫਲਾਈਟ SG 5105 ਨੇ ਸੋਮਵਾਰ ਰਾਤ 10:10 ਵਜੇ ਦਿੱਲੀ ਤੋਂ ਉਡਾਣ ਭਰਨੀ ਸੀ ਅਤੇ ਰਾਤ 12:55 ਵਜੇ ਦੁਬਈ ਪਹੁੰਚਣਾ ਸੀ।
ਪਰ ਦੋਵਾਂ ਫਲਾਈਟਾਂ ਵਿੱਚ ਲੰਬੀ ਦੇਰੀ ਹੋਣ ਕਾਰਨ ਯਾਤਰੀਆਂ ਨੂੰ ਏਅਰਪੋਰਟ 'ਤੇ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਪਾਈਸਜੈੱਟ ਮੁਤਾਬਕ, ਇੱਕ ਜਹਾਜ਼ ਗ੍ਰਾਊਂਡਿਡ ਹੋਣ ਕਾਰਨ ਆਪਰੇਸ਼ਨਲ ਕਾਰਨਾਂ ਕਰਕੇ ਦੋਵੇਂ ਫਲਾਈਟਾਂ ਵਿੱਚ ਦੇਰੀ ਹੋਈ। ਏਅਰਲਾਈਨ ਨੇ ਪ੍ਰਭਾਵਿਤ ਯਾਤਰੀਆਂ ਨੂੰ ਦੂਜੀ ਫਲਾਈਟ ਰਾਹੀਂ ਦੁਬਈ ਭੇਜਣ ਦੀ ਵਿਵਸਥਾ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਏਅਰਲਾਈਨ ਵੱਲੋਂ ਮੁਆਫ਼ੀ ਵੀ ਮੰਗੀ ਗਈ ਹੈ। ਫਲਾਈਟ ਗ੍ਰਾਊਂਡਿਡ ਹੋਣ ਦਾ ਮਤਲਬ ਹੈ ਕਿ ਕਿਸੇ ਜਹਾਜ਼ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ। ਆਮ ਤੌਰ 'ਤੇ ਤਕਨੀਕੀ ਖ਼ਰਾਬੀ, ਸੁਰੱਖਿਆ ਕਾਰਨਾਂ ਜਾਂ ਕਿਸੇ ਅਧਿਕਾਰਤ ਹੁਕਮ ਕਾਰਨ ਜਹਾਜ਼ ਨੂੰ ਗ੍ਰਾਊਂਡ ਕੀਤਾ ਜਾਂਦਾ ਹੈ।
ਸਪਾਈਸਜੈੱਟ ਦੀ ਆਨ-ਟਾਈਮ ਪਰਫਾਰਮੈਂਸ ਵੀ ਖਰਾਬ
ਸਮੇਂ ਸਿਰ ਉਡਾਣ ਭਰਨ ਦੇ ਮਾਮਲੇ ਵਿੱਚ ਇਸ ਸਾਲ ਸਪਾਈਸਜੈੱਟ ਦਾ ਰਿਕਾਰਡ ਹੋਰ ਵੱਡੀਆਂ ਏਅਰਲਾਈਨਾਂ ਦੇ ਮੁਕਾਬਲੇ ਕਮਜ਼ੋਰ ਰਿਹਾ ਹੈ। ਜੁਲਾਈ ਵਿੱਚ ਸਪਾਈਸਜੈੱਟ ਦੀ ਸਿਰਫ਼ 34.5% ਫਲਾਈਟਾਂ ਹੀ ਸਮੇਂ ਸਿਰ ਉਡਾਣ ਭਰ ਸਕੀਆਂ। ਇਸ ਕਾਰਨ ਯਾਤਰੀਆਂ ਨੂੰ ਫਲਾਈਟਾਂ ਦੀ ਦੇਰੀ ਅਤੇ ਸ਼ੈਡਿਊਲ ਵਿੱਚ ਬਦਲਾਅ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ।
ਸਰਕਾਰ ਦੀ ਵੀ ਸਪਾਈਸਜੈੱਟ 'ਤੇ ਨਜ਼ਰ
ਪਿਛਲੇ ਹਫ਼ਤੇ ਨਾਗਰਿਕ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਕਿਹਾ ਸੀ ਕਿ ਨਾਗਰਿਕ ਹਵਾਬਾਜ਼ੀ ਮੰਤਰਾਲਾ ਅਤੇ DGCA ਸਪਾਈਸਜੈੱਟ ਦੀ ਵਿੱਤੀ ਸਥਿਤੀ ਅਤੇ ਆਪਰੇਸ਼ਨ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਅਜਿਹੇ ਸਮੇਂ 'ਚ ਖ਼ਰਾਬ ਮੈਨੇਜਮੈਂਟ ਸਿਸਟਮ Airline ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।


Click it and Unblock the Notifications
