BRICS Summit: PM ਮੋਦੀ ਨੇ ਵਿਸ਼ਵ ਤਣਾਅ ’ਤੇ ਜਤਾਈ ਚਿੰਤਾ , ਅੱਜ 7 ਆਗੂਆਂ ਨਾਲ ਕਰਨਗੇ ਗੱਲਬਾਤ
BRICS ਸੰਮੇਲਨ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਵਿੱਚ ਲਗਾਤਾਰ ਵੱਧ ਰਹੇ ਤਣਾਅ 'ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ 'ਤੇ ਵਧ ਰਹੇ ਤਣਾਅ ਦਾ ਸਿੱਧਾ ਅਸਰ ਆਮ ਲੋਕਾਂ ਦੀ ਜ਼ਿੰਦਗੀ 'ਤੇ ਪੈ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ, ਜਲਵਾਯੂ ਆਫ਼ਤਾਂ ਅਤੇ ਸਪਲਾਈ ਚੇਨ ਵਿੱਚ ਆਈਆਂ ਰੁਕਾਵਟਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅੱਜ ਦੁਨੀਆ ਦੇ ਸਾਰੇ ਦੇਸ਼ ਇੱਕ-ਦੂਜੇ ਨਾਲ ਡੂੰਘੇ ਤੌਰ 'ਤੇ ਜੁੜੇ ਹੋਏ ਹਨ।ਅਜਿਹੇ ਵਿੱਚ ਦੁਨੀਆ ਦੇ ਕਿਸੇ ਇੱਕ ਹਿੱਸੇ ਵਿੱਚ ਪੈਦਾ ਹੋਣ ਵਾਲਾ ਸੰਕਟ ਦੂਜੇ ਦੇਸ਼ਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਸੰਮੇਲਨ ਦੀ ਸ਼ੁਰੂਆਤ ਭਾਰਤ ਮੰਡਪਮ ਵਿੱਚ ਮੈਂਬਰ ਦੇਸ਼ਾਂ ਦੇ ਆਗੂਆਂ ਦੇ ਗਰੁੱਪ ਫੋਟੋ ਸੈਸ਼ਨ ਨਾਲ ਹੋਈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਵੇਂ ਪਾਸੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਜ਼ਰ ਆਏ। ਗਰੁੱਪ ਫੋਟੋ ਸੈਸ਼ਨ ਦੀ ਇਹ ਤਸਵੀਰ ਖਾਸ ਤੌਰ 'ਤੇ ਚਰਚਾ ਵਿੱਚ ਰਹੀ।
7 ਵਿਸ਼ਵ ਆਗੂਆਂ ਨਾਲ PM ਮੋਦੀ ਦੀ ਦੁਵੱਲੀ ਮੀਟਿੰਗ
BRICS ਸੰਮੇਲਨ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਦੇਸ਼ਾਂ ਦੇ ਆਗੂਆਂ ਨਾਲ ਵੱਖ-ਵੱਖ ਦੁਵੱਲੀਆਂ ਮੀਟਿੰਗਾਂ ਕਰਨਗੇ। ਇਨ੍ਹਾਂ ਮੁਲਾਕਾਤਾਂ ਦੌਰਾਨ ਦੋ-ਪੱਖੀ ਸਬੰਧਾਂ ਸਮੇਤ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਸੰਮੇਲਨ ਦੇ ਪਹਿਲੇ ਦਿਨ ਸਾਰੇ ਆਗੂਆਂ ਲਈ ਡਿਨਰ ਦਾ ਆਯੋਜਨ ਕੀਤਾ ਗਿਆ ਸੀ। ਹਾਲਾਂਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਨੂੰ ਛੱਡ ਕੇ ਬਾਕੀ ਸਾਰੇ ਵਿਸ਼ਵ ਆਗੂ ਡਿਨਰ ਵਿੱਚ ਸ਼ਾਮਲ ਹੋਏ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ BRICS ਦੇਸ਼ਾਂ ਨੇ ਸੰਮੇਲਨ ਦੌਰਾਨ ਨਵੀਂ ਦਿੱਲੀ ਡਿਕਲੇਰੇਸ਼ਨ ਨੂੰ ਵੀ ਮਨਜ਼ੂਰੀ ਦਿੱਤੀ। ਇਸ ਵਿੱਚ ਕਈ ਅਹਿਮ ਮੁੱਦਿਆਂ 'ਤੇ ਸਾਂਝਾ ਬਿਆਨ ਜਾਰੀ ਕੀਤਾ ਗਿਆ।ਡਿਕਲੇਰੇਸ਼ਨ ਵਿੱਚ ਰੂਸ ਅਤੇ ਚੀਨ ਸਮੇਤ BRICS ਦੇਸ਼ਾਂ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ। ਦੇਸ਼ਾਂ ਨੇ ਕਿਹਾ ਕਿ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਖ਼ਿਲਾਫ਼ ਮਿਲ ਕੇ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਅੱਤਵਾਦੀਆਂ ਤੱਕ ਪਹੁੰਚਣ ਵਾਲੀ ਫੰਡਿੰਗ ਨੂੰ ਰੋਕਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਠਿਕਾਣੇ ਮੁਹੱਈਆ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ 'ਤੇ ਵੀ ਸਹਿਮਤੀ ਬਣੀ। BRICS ਦੇਸ਼ਾਂ ਵਿਚਾਲੇ ਸਾਂਝਾ ਬਿਆਨ ਜਾਰੀ ਕਰਨ 'ਤੇ ਇਹ ਸਹਿਮਤੀ ਅਜਿਹੇ ਸਮੇਂ ਬਣੀ ਹੈ, ਜਦੋਂ ਪੱਛਮੀ ਏਸ਼ੀਆ ਵਿੱਚ ਤਣਾਅ ਜਾਰੀ ਹੈ ਅਤੇ ਈਰਾਨ, ਸਾਊਦੀ ਅਰਬ ਅਤੇ UAE ਦੇ ਕਈ ਮੁੱਦਿਆਂ 'ਤੇ ਵੱਖ-ਵੱਖ ਰੁਖ ਹਨ।


Click it and Unblock the Notifications
