ਲੁਧਿਆਣਾ ਹਵਾਈ ਅੱਡੇ ਤੋਂ ਉਡਾਣ ਮੁੜ ਰੱਦ, 102 ਯਾਤਰੀ ਖੱਜਲ-ਖੁਆਰ; ਟੈਕਸੀ ਕਿਰਾਇਆ ਵੀ ਵਧਿਆ
ਲੁਧਿਆਣਾ ਦੇ ਹਲਵਾਰਾ ਸਥਿਤ ਕੌਮਾਂਤਰੀ ਹਵਾਈ ਅੱਡੇ ਤੋਂ ਸ਼ੁਰੂ ਹੋਇਆ ਹਵਾਈ ਸਫ਼ਰ ਹੁਣ ਯਾਤਰੀਆਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਦਿੱਲੀ-ਲੁਧਿਆਣਾ-ਦਿੱਲੀ ਹਵਾਈ ਸੇਵਾ ਮੁੜ ਰੱਦ ਹੋਣ ਕਾਰਨ 102 ਯਾਤਰੀਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।
ਕਾਬਿਲ-ਏ-ਗੌਰ ਹੈ ਕਿ ਇਸ ਤੋਂ ਪਹਿਲਾਂ 7 ਅਤੇ 9 ਸਤੰਬਰ ਨੂੰ ਵੀ ਇਸੇ ਰੂਟ ਦੀ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪਈ ਸੀ। ਸ਼ਨਿੱਚਰਵਾਰ ਨੂੰ ਦਿੱਲੀ ਤੋਂ ਹਲਵਾਰਾ ਆਉਣ ਵਾਲੀ ਏਅਰ ਇੰਡੀਆ ਦੀ ਏ.ਆਈ.-481 ਉਡਾਣ ਹਲਵਾਰਾ ਨਹੀਂ ਪਹੁੰਚੀ। ਇਸੇ ਜਹਾਜ਼ ਨੇ ਹਲਵਾਰਾ ਤੋਂ ਯਾਤਰੀਆਂ ਨੂੰ ਲੈ ਕੇ ਏ.ਆਈ.-482 ਵਜੋਂ ਦਿੱਲੀ ਵਾਪਸ ਜਾਣਾ ਸੀ।

ਸਵੇਰੇ ਸਮਾਨ ਸਮੇਤ ਹਵਾਈ ਅੱਡੇ 'ਤੇ ਪਹੁੰਚੇ ਯਾਤਰੀਆਂ ਨੂੰ ਉਡਾਣ ਰੱਦ ਹੋਣ ਤੋਂ ਬਾਅਦ ਵਾਪਸ ਮੁੜਨਾ ਪਿਆ। ਜਾਣਕਾਰੀ ਅਨੁਸਾਰ ਸਭ ਤੋਂ ਵੱਧ ਪ੍ਰਭਾਵ ਉਨ੍ਹਾਂ 65 ਯਾਤਰੀਆਂ 'ਤੇ ਪਿਆ, ਜਿਨ੍ਹਾਂ ਨੇ ਦਿੱਲੀ ਤੋਂ ਅੱਗੇ ਵਿਦੇਸ਼ ਜਾਣ ਲਈ ਕਨੈਕਟਿੰਗ ਫਲਾਈਟਾਂ ਦੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ। ਇਨ੍ਹਾਂ ਵਿੱਚ ਕਈ ਪਰਿਵਾਰ ਵੀ ਸ਼ਾਮਲ ਸਨ, ਜਿਨ੍ਹਾਂ ਦੇ ਨਾਲ ਛੋਟੇ ਬੱਚੇ ਵੀ ਸਨ।
ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਡਾਣ ਰੱਦ ਹੋਣ ਦੀ ਜਾਣਕਾਰੀ ਸਮੇਂ ਸਿਰ ਨਹੀਂ ਮਿਲੀ। ਦੂਜੇ ਪਾਸੇ, ਏਅਰ ਇੰਡੀਆ ਵੱਲੋਂ ਕਿਹਾ ਗਿਆ ਕਿ ਯਾਤਰੀਆਂ ਨੂੰ ਤੜਕਸਾਰ ਕਰੀਬ ਸਾਢੇ 3 ਵਜੇ ਈ-ਮੇਲ ਰਾਹੀਂ ਉਡਾਣ ਰੱਦ ਹੋਣ ਸਬੰਧੀ ਸੂਚਿਤ ਕਰ ਦਿੱਤਾ ਗਿਆ ਸੀ।
ਕੁਝ ਯਾਤਰੀਆਂ ਨੇ ਦੁਪਹਿਰ ਵਾਲੀ ਉਡਾਣ ਵਿੱਚ ਸੀਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾਤਰ ਯਾਤਰੀਆਂ ਨੂੰ ਸੜਕ ਰਾਹੀਂ ਟੈਕਸੀ ਕਰਕੇ ਦਿੱਲੀ ਜਾਣਾ ਪਿਆ। ਯਾਤਰੀਆਂ ਮੁਤਾਬਕ ਹਲਵਾਰਾ ਅਤੇ ਸੁਧਾਰ ਤੋਂ ਦਿੱਲੀ ਲਈ ਟੈਕਸੀ ਚਾਲਕਾਂ ਨੇ 10 ਤੋਂ 12 ਹਜ਼ਾਰ ਰੁਪਏ ਤੱਕ ਕਿਰਾਇਆ ਮੰਗਿਆ, ਜਦਕਿ ਆਮ ਤੌਰ 'ਤੇ ਇਕ ਪਾਸੇ ਦਾ ਟੈਕਸੀ ਕਿਰਾਇਆ ਕਰੀਬ 5 ਤੋਂ ਸਾਢੇ 5 ਹਜ਼ਾਰ ਰੁਪਏ ਹੁੰਦਾ ਹੈ।
ਯਾਤਰੀਆਂ ਦਾ ਕਹਿਣਾ ਹੈ ਕਿ ਇੱਕੋ ਜਹਾਜ਼ ਦੀ ਦਿੱਲੀ-ਹਲਵਾਰਾ ਅਤੇ ਹਲਵਾਰਾ-ਦਿੱਲੀ ਦੋਵਾਂ ਸੇਵਾਵਾਂ ਲਈ ਵਰਤੋਂ ਕੀਤੇ ਜਾਣ ਕਾਰਨ ਉਡਾਣਾਂ ਰੱਦ ਹੋਣ ਦੀ ਸਮੱਸਿਆ ਵਾਰ-ਵਾਰ ਸਾਹਮਣੇ ਆ ਰਹੀ ਹੈ। ਇਸ ਕਾਰਨ ਹਲਵਾਰਾ ਹਵਾਈ ਅੱਡੇ ਤੋਂ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Click it and Unblock the Notifications
