IIFA 2027 ਲਈ ਤਾਰੀਖਾਂ ਦਾ ਐਲਾਨ, ਅਬੂ ਧਾਬੀ ’ਚ ਸਜੇਗਾ IIFA ਦਾ ਮੰਚ
27 ਵੇਂ IIFA ਐਵਾਰਡਜ਼ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ (IIFA) ਐਵਾਰਡਜ਼ ਦਾ 27ਵਾਂ ਐਡੀਸ਼ਨ 22 ਅਤੇ 23 ਜਨਵਰੀ 2027 ਨੂੰ ਅਬੂ ਧਾਬੀ ਵਿੱਚ ਕਰਵਾਇਆ ਜਾਵੇਗਾ।
ਇਸ ਦੋ ਦਿਨਾਂ ਦੇ ਸ਼ਾਨਦਾਰ ਸਮਾਗਮ ਵਿੱਚ ਸਲਮਾਨ ਖ਼ਾਨ, ਕਰੀਨਾ ਕਪੂਰ ਖ਼ਾਨ ਅਤੇ ਸ਼ਾਹਿਦ ਕਪੂਰ ਸਣੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਸ਼ਾਮਲ ਹੋਣਗੇ। ਦੋ ਦਿਨਾਂ ਤੱਕ ਚੱਲਣ ਵਾਲੇ ਇਸ ਸਮਾਗਮ ਵਿੱਚ ਫ਼ਿਲਮੀ ਕਲਾਕਾਰਾਂ ਦੇ ਨਾਲ-ਨਾਲ ਫ਼ਿਲਮਮੇਕਰ ਅਤੇ ਮਿਊਜ਼ਿਕ ਆਰਟਿਸਟ ਵੀ ਸ਼ਾਮਲ ਹੋਣਗੇ।

ਯਾਸ ਆਈਲੈਂਡ ਦੇ ਏਤਿਹਾਦ ਏਰੀਨਾ 'ਚ ਹੋਵੇਗਾ ਸਮਾਗਮ
IIFA 2027 ਦਾ ਆਯੋਜਨ ਅਬੂ ਧਾਬੀ ਦੇ ਯਾਸ ਆਈਲੈਂਡ ਸਥਿਤ ਏਤਿਹਾਦ ਏਰੀਨਾ ਵਿੱਚ ਕੀਤਾ ਜਾਵੇਗਾ। ਅਬੂ ਧਾਬੀ ਵਿੱਚ IIFA ਦਾ ਇਹ ਚੌਥਾ ਆਯੋਜਨ ਹੋਵੇਗਾ। ਇਹ ਸਮਾਗਮ ਡਿਪਾਰਟਮੈਂਟ ਆਫ਼ ਕਲਚਰ ਐਂਡ ਟੂਰਿਜ਼ਮ ਅਬੂ ਧਾਬੀ ਅਤੇ ਮਿਰਾਲ ਨਾਲ ਸਾਂਝੇਦਾਰੀ ਵਿੱਚ ਕਰਵਾਇਆ ਜਾਵੇਗਾ।
2025 'ਚ ਭਾਰਤ 'ਚ ਹੋਇਆ ਸੀ IIFA ਦਾ ਸਿਲਵਰ ਜੁਬਲੀ ਸਮਾਗਮ
ਇਸ ਤੋਂ ਪਹਿਲਾਂ IIFA ਐਵਾਰਡਜ਼ ਦਾ ਸਿਲਵਰ ਜੁਬਲੀ ਸਮਾਗਮ 8 ਅਤੇ 9 ਮਾਰਚ 2025 ਨੂੰ ਭਾਰਤ ਵਿੱਚ ਕਰਵਾਇਆ ਗਿਆ ਸੀ। ਜੈਪੁਰ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ (JECC) ਵਿੱਚ ਹੋਏ ਇਸ ਸਮਾਗਮ ਵਿੱਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
ਸਾਲ 2000 'ਚ ਹੋਈ ਸੀ IIFA ਦੀ ਸ਼ੁਰੂਆਤ
IIFA ਐਵਾਰਡਜ਼ ਦੀ ਸ਼ੁਰੂਆਤ ਸਾਲ 2000 ਵਿੱਚ ਹੋਈ ਸੀ। ਇਹ ਐਵਾਰਡ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਫ਼ਿਲਮਾਂ ਅਤੇ ਕਲਾਕਾਰਾਂ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕਰਨ ਲਈ ਦਿੱਤੇ ਜਾਂਦੇ ਹਨ। IIFA ਦੀ ਖ਼ਾਸੀਅਤ ਇਹ ਹੈ ਕਿ ਇਸ ਦਾ ਆਯੋਜਨ ਆਮ ਤੌਰ 'ਤੇ ਹਰ ਸਾਲ ਵੱਖ-ਵੱਖ ਦੇਸ਼ਾਂ ਵਿੱਚ ਕੀਤਾ ਜਾਂਦਾ ਹੈ। ਪਹਿਲਾ IIFA ਸਮਾਗਮ 24 ਜੂਨ 2000 ਨੂੰ ਲੰਡਨ ਦੇ ਮਿਲੇਨੀਅਮ ਡੋਮ ਵਿੱਚ ਹੋਇਆ ਸੀ। ਪਹਿਲੇ ਸਮਾਗਮ ਵਿੱਚ 'ਹਮ ਦਿਲ ਦੇ ਚੁਕੇ ਸਨਮ' ਨੂੰ ਬੈਸਟ ਫ਼ਿਲਮ ਦਾ ਐਵਾਰਡ ਮਿਲਿਆ ਸੀ।
ਸਮੇਂ ਦੇ ਨਾਲ IIFA ਦਾ ਦਾਇਰਾ ਵੀ ਵਧਦਾ ਗਿਆ। ਸ਼ੁਰੂਆਤ ਵਿੱਚ ਇਹ ਇੱਕ ਰਾਤ ਦੇ ਐਵਾਰਡ ਸਮਾਗਮ ਵਜੋਂ ਕਰਵਾਇਆ ਜਾਂਦਾ ਸੀ, ਪਰ ਬਾਅਦ ਵਿੱਚ ਇਹ ਤਿੰਨ ਦਿਨਾਂ ਤੱਕ ਚੱਲਣ ਵਾਲੇ ਵੱਡੇ ਮਨੋਰੰਜਨ ਸਮਾਗਮ ਵਿੱਚ ਬਦਲ ਗਿਆ। IIFA ਵਿੱਚ ਕਈ ਖ਼ਾਸ ਐਵਾਰਡ ਕੈਟੇਗਰੀਆਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚ IIFA ਲਾਈਫਟਾਈਮ ਅਚੀਵਮੈਂਟ ਐਵਾਰਡ, ਸਟਾਈਲ ਆਈਕਨ, ਸਟਾਈਲ ਦੀਵਾ, ਐਂਟਰਟੇਨਰ ਆਫ਼ ਦਿ ਈਅਰ ਅਤੇ ਆਊਟਸਟੈਂਡਿੰਗ ਕੰਟ੍ਰੀਬਿਊਸ਼ਨ ਟੂ ਇੰਡੀਅਨ ਸਿਨੇਮਾ ਵਰਗੇ ਐਵਾਰਡ ਸ਼ਾਮਲ ਹਨ।


Click it and Unblock the Notifications
