ਪੰਜਾਬ ਦੌਰੇ ਤੋਂ ਪਹਿਲਾਂ ਸਚਿਨ ਪਾਇਲਟ ਨੇ ਕੀਤੀ ਰਾਜਾ ਵੜਿੰਗ ਦੀ ਤਾਰੀਫ਼, ਕਿਹਾ- ਵੜਿੰਗ ਨੇ ਔਖੇ ਸਮੇਂ 'ਚ ਸਾਂਭੀ ਪਾਰਟੀ
ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਪੰਜਾਬ ਦੌਰੇ ਤੋਂ ਪਹਿਲਾਂ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਉਸ ਸਮੇਂ ਪਾਰਟੀ ਨੂੰ ਸੰਭਾਲਿਆ ਸੀ, ਜਦੋਂ ਕਾਂਗਰਸ ਕੋਲ ਸਿਰਫ਼ 15-16 ਵਿਧਾਇਕ ਹੀ ਰਹਿ ਗਏ ਸਨ। ਪਾਇਲਟ ਨੇ ਵੜਿੰਗ ਨੂੰ ਇੱਕ ਮਿਹਨਤੀ ਅਤੇ ਜੂਝਾਰੂ ਆਗੂ ਦੱਸਿਆ।
ਪਾਇਲਟ ਨੇ ਇਹ ਵੀ ਕਿਹਾ ਕਿ ਭਾਵੇਂ ਰਾਜਾ ਵੜਿੰਗ ਹੁਣ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਹੀਂ ਰਹੇ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਘੱਟ ਹੋ ਜਾਣਗੀਆਂ। ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਚੋਣ ਮੈਦਾਨ ਵਿੱਚ ਉਤਰਨਾ ਅਤੇ ਪਾਰਟੀ ਲਈ ਲੜਨਾ ਪਵੇਗਾ।

ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਇੰਟਰਵਿਊ ਵਿੱਚ ਸਚਿਨ ਪਾਇਲਟ ਨੇ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਬਾਰੇ ਕਿਹਾ ਕਿ ਉਹ ਵੜਿੰਗ ਨੂੰ ਪਿਛਲੇ 20 ਸਾਲਾਂ ਤੋਂ ਜਾਣਦੇ ਹਨ। ਉਨ੍ਹਾਂ ਮੁਤਾਬਕ ਵੜਿੰਗ ਬਹੁਤ ਊਰਜਾਵਾਨ ਅਤੇ ਮਿਹਨਤੀ ਨੌਜਵਾਨ ਆਗੂ ਹਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਉਸ ਮੁਸ਼ਕਲ ਦੌਰ ਵਿੱਚ ਪਾਰਟੀ ਦੀ ਕਮਾਨ ਸੰਭਾਲੀ ਅਤੇ ਚਾਰ ਸਾਲ ਤੋਂ ਵੱਧ ਸਮੇਂ ਤੱਕ ਸੰਗਠਨ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਵੜਿੰਗ ਇੱਕ ਫਾਈਟਰ ਹਨ।
ਪਾਰਟੀ ਨੇ ਬਦਲਿਆ ਪੰਜਾਬ ਪ੍ਰਧਾਨ
ਪਾਰਟੀ ਹਾਈਕਮਾਂਡ ਦੇ ਫ਼ੈਸਲੇ ਤੋਂ ਬਾਅਦ ਰਾਜਾ ਵੜਿੰਗ ਨੇ 2 ਅਕਤੂਬਰ ਨੂੰ ਸੂਬਾ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਦੀ ਥਾਂ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਗਈ ਸੀ। ਉਸ ਸਮੇਂ ਵੜਿੰਗ ਨੇ ਅਹੁਦਾ ਛੱਡਣ ਲਈ ਸਚਿਨ ਪਾਇਲਟ ਨੂੰ ਜ਼ਿੰਮੇਵਾਰ ਠਹਿਰਾਇਆ ਸੀ। 11 ਅਕਤੂਬਰ ਨੂੰ ਪਰਗਟ ਸਿੰਘ ਦੀ ਤਾਜਪੋਸ਼ੀ ਦੌਰਾਨ ਵੜਿੰਗ ਨੇ ਕਿਹਾ ਸੀ ਕਿ ਸੂਬਾ ਪ੍ਰਧਾਨ ਰਹਿੰਦਿਆਂ ਪਾਰਟੀ ਦੇ ਕਈ ਆਗੂਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ ਅਤੇ ਅੱਗੇ ਵੀ ਅਜਿਹਾ ਹੋ ਸਕਦਾ ਹੈ।
ਹਾਲਾਂਕਿ, ਉਨ੍ਹਾਂ ਨੇ ਪਰਗਟ ਸਿੰਘ ਨੂੰ ਪੂਰਾ ਸਹਿਯੋਗ ਦੇਣ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਸਾਰੇ ਆਗੂਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ਸੀ।
ਦੱਸ ਦਈਏ ਕਿ ਵੜਿੰਗ ਨੇ ਪੰਜਾਬ ਦਾ ਪ੍ਰਧਾਨ ਬਦਲਣ 'ਤੇ ਸਚਿਨ ਪਾਇਲਟ 'ਤੇ ਵੀ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਸੀ ਕਿ ਸਚਿਨ ਪਾਇਲਟ ਉਨ੍ਹਾਂ ਨੂੰ ਹਟਾਨਾ ਚਾਹੁੰਦੇ ਸੀ ਅਤੇ ਉਨ੍ਹਾਂ ਨੇ ਇਹ ਕੰਮ ਕਰ ਦਿੱਤਾ। ਵੜਿੰਗ ਨੇ ਇਹ ਗੱਲ ਵੀ ਕਹੀ ਸੀ ਕਿ ਉਨ੍ਹਾਂ ਦੇ ਆਗੂ ਸਿਰਫ਼ ਰਾਹੁਲ ਗਾਂਧੀ ਹਨ ਅਤੇ ਉਹ ਪਾਰਟੀ ਲਈ ਹਮੇਸ਼ਾ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਗੇ।
16 ਤੋਂ 20 ਅਕਤੂਬਰ ਤੱਕ ਪੰਜਾਬ ਦੌਰੇ 'ਤੇ ਰਹਿਣਗੇ ਪਾਇਲਟ
ਸਚਿਨ ਪਾਇਲਟ 16 ਤੋਂ 20 ਅਕਤੂਬਰ ਤੱਕ ਪੰਜ ਦਿਨਾਂ ਦੇ ਪੰਜਾਬ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਉਹ ਗੈਂਗਸਟਰ ਹਿੰਸਾ ਅਤੇ ਵਿਗੜੀ ਕਾਨੂੰਨ-ਵਿਵਸਥਾ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਵੀ ਕਰਨਗੇ।


Click it and Unblock the Notifications
