ਕੈਨੇਡਾ 'ਚ 'ਗੋਰੀ' ਨੇ ਮਾਰ'ਤਾ ਪੰਜਾਬੀ ਮੁੰਡਾ, ਗਰਦਨ 'ਤੇ ਚਾਕੂ ਨਾਲ ਕੀਤੇ ਕਈ ਵਾਰ, ਹਸਪਤਾਲ 'ਚ ਜਗਜੀਤ ਨੇ ਤੋੜਿਆ ਦਮ
ਕੈਨੇਡਾ ਦੀ ਧਰਤੀ 'ਤੇ ਇੱਕ ਹੋਰ ਪੰਜਾਬੀ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਿਸੀਸਾਗਾ ਵਿੱਚ ਜਗਜੀਤ ਸਿੰਘ ਸੰਧੂ ਨਾਮਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਇਹ ਘਟਨਾ 6 ਸਤੰਬਰ ਨੂੰ 1767 ਡੁੰਡਾਸ ਸਟਰੀਟ ਈਸਟ ਸਥਿਤ ਇੱਕ ਸਥਾਨਕ ਸ਼ੈਲਟਰ ਦੇ ਬਾਹਰ ਵਾਪਰੀ।
ਜਾਣਕਾਰੀ ਮੁਤਾਬਕ ਜਗਜੀਤ ਸਿੰਘ ਇੱਕ ਹੋਰ ਪੰਜਾਬੀ ਨੌਜਵਾਨ ਦੀ ਮਦਦ ਕਰਨ ਲਈ ਅੱਗੇ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨਾਲ ਨਸਲੀ ਟਿੱਪਣੀਆਂ ਨੂੰ ਲੈ ਕੇ ਵਿਵਾਦ ਹੋ ਰਿਹਾ ਸੀ ਅਤੇ ਜਗਜੀਤ ਨੇ ਦਖ਼ਲ ਦੇ ਕੇ ਝਗੜਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਮਲਾਵਰ ਵਿਅਕਤੀ ਦੀ ਮਹਿਲਾ ਸਾਥੀ ਨੇ ਕਥਿਤ ਤੌਰ 'ਤੇ ਪਿੱਛੋਂ ਆ ਕੇ ਜਗਜੀਤ ਸਿੰਘ ਦੀ ਗਰਦਨ 'ਤੇ ਚਾਕੂ ਨਾਲ ਵਾਰ ਕਰ ਦਿੱਤਾ।

ਚਾਕੂ ਦੇ ਵਾਰ ਕਾਰਨ ਜਗਜੀਤ ਦੀ ਗਰਦਨ ਦੀਆਂ ਮੁੱਖ ਨਾੜੀਆਂ ਕੱਟ ਗਈਆਂ ਅਤੇ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ, ਜਿੱਥੇ ਉਹ ਆਈਸੀਯੂ ਵਿੱਚ ਲਾਈਫ ਸਪੋਰਟ 'ਤੇ ਰਿਹਾ। ਬਾਅਦ ਵਿੱਚ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਮਾਮਲੇ ਵਿੱਚ ਕੈਨੇਡੀਅਨ ਪੁਲਿਸ ਨੇ ਉਸ 42 ਸਾਲਾ ਮਹਿਲਾ ਲੋਵੇਰੇਨਾ ਸਾਂਸ਼ੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ 'ਤੇ ਸੈਕੰਡ-ਡਿਗਰੀ ਮਰਡਰ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਉਧਰ, ਜਗਜੀਤ ਸਿੰਘ ਦੀ ਭੈਣ ਜਸਪ੍ਰੀਤ ਕੌਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਪੁਲਿਸ ਦੀ ਕਾਰਵਾਈ ਅਤੇ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ। ਜਸਪ੍ਰੀਤ ਨੇ ਕਿਹਾ ਕਿ ਕੈਨੇਡਾ ਹੁਣ ਪੰਜਾਬੀਆਂ ਲਈ ਸੁਰੱਖਿਅਤ ਨਹੀਂ ਰਿਹਾ। ਜਗਜੀਤ ਦੀ ਭੈਣ ਦਾ ਦੋਸ਼ ਹੈ ਕਿ ਪਰਿਵਾਰ ਨੂੰ ਸਮੇਂ ਸਿਰ ਘਟਨਾ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਨੂੰ ਅਦਾਲਤੀ ਸੁਣਵਾਈ ਵਿੱਚ ਵੀ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲਿਆ।
ਇਸ ਘਟਨਾ ਤੋਂ ਬਾਅਦ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਵਿੱਚ ਰੋਸ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਮਾਹੌਲ ਹੈ।


Click it and Unblock the Notifications
