ਲੁਧਿਆਣਾ ਕੋਰਟ ਕੰਪਲੈਕਸ ਨੂੰ ਬੰਬ ਧਮਾਕੇ ਦੀ ਧਮਕੀ, ਪੁਲਿਸ ਵੱਲੋਂ ਸਰਚ ਆਪਰੇਸ਼ਨ
ਲੁਧਿਆਣਾ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਧਿਕਾਰਤ ਈ-ਮੇਲ 'ਤੇ ਸ਼ਨੀਵਾਰ ਨੂੰ ਕੋਰਟ ਕੰਪਲੈਕਸ ਵਿੱਚ ਬੰਬ ਧਮਾਕੇ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਧਮਕੀ ਉਸ ਸਮੇਂ ਮਿਲੀ, ਜਦੋਂ ਕੋਰਟ ਕੰਪਲੈਕਸ ਵਿੱਚ ਰਾਸ਼ਟਰੀ ਲੋਕ ਅਦਾਲਤ ਚੱਲ ਰਹੀ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਅਤੇ ਡੌਗ ਸਕੁਐਡ ਤੇ ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਬੁਲਾ ਕੇ ਪੂਰੇ ਕੰਪਲੈਕਸ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ, 12 ਸਤੰਬਰ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਧਿਕਾਰਤ ਈ-ਮੇਲ 'ਤੇ ਇੱਕ ਧਮਕੀ ਭਰਿਆ ਈ-ਮੇਲ ਪ੍ਰਾਪਤ ਹੋਇਆ। ਈ-ਮੇਲ ਭੇਜਣ ਵਾਲੇ ਨੇ ਖ਼ੁਦ ਨੂੰ ਖ਼ਾਲਿਸਤਾਨ ਨੈਸ਼ਨਲ ਆਰਮੀ ਅਤੇ ਬੱਬਰ ਖ਼ਾਲਸਾ ਨਾਲ ਜੁੜਿਆ ਹੋਇਆ ਦੱਸਿਆ। ਈ-ਮੇਲ ਵਿੱਚ ਦੁਪਹਿਰ 1 ਵੱਜ ਕੇ 11 ਮਿੰਟ 'ਤੇ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਸੀ।
ਧਮਕੀ ਮਿਲਣ ਤੋਂ ਬਾਅਦ ਜੁਡੀਸ਼ੀਅਲ ਕੰਪਲੈਕਸ ਵਿੱਚ ਮੌਜੂਦ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਈ। ਰਾਸ਼ਟਰੀ ਲੋਕ ਅਦਾਲਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ। ਇਸ ਦੇ ਮੱਦੇਨਜ਼ਰ ਪੁਲਿਸ ਟੀਮਾਂ ਨੇ ਕੋਰਟ ਕੰਪਲੈਕਸ ਦੇ ਵੱਖ-ਵੱਖ ਹਿੱਸਿਆਂ, ਦਾਖ਼ਲਾ ਅਤੇ ਨਿਕਾਸ ਦੁਆਰਾਂ ਤੋਂ ਇਲਾਵਾ ਆਸ-ਪਾਸ ਦੇ ਇਲਾਕੇ ਦੀ ਵੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਧਮਕੀ ਭਰੇ ਈ-ਮੇਲ ਵਿੱਚ ਸਿਰਫ਼ ਲੁਧਿਆਣਾ ਜ਼ਿਲ੍ਹਾ ਅਦਾਲਤ ਅਤੇ ਰਾਸ਼ਟਰੀ ਲੋਕ ਅਦਾਲਤ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਹੀ ਨਹੀਂ ਕੀਤੀ ਗਈ, ਸਗੋਂ ਮੋਹਾਲੀ ਅਤੇ ਹਲਵਾਰਾ ਏਅਰਪੋਰਟ 'ਤੇ ਵੀ ਹਮਲੇ ਦੀ ਚਿਤਾਵਨੀ ਦਿੱਤੀ ਗਈ। ਇਸ ਤੋਂ ਇਲਾਵਾ ਕੁਝ ਸਿਆਸੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਪੁਲਿਸ ਵੱਲੋਂ ਹੁਣ ਧਮਕੀ ਭਰੇ ਈ-ਮੇਲ ਦੇ ਸਰੋਤ ਅਤੇ ਇਸ ਨੂੰ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਈ-ਮੇਲ ਦੀ ਤਕਨੀਕੀ ਜਾਂਚ ਵੀ ਕੀਤੀ ਜਾ ਰਹੀ ਹੈ, ਤਾਂ ਜੋ ਇਸ ਦੇ ਸਰੋਤ ਤੱਕ ਪਹੁੰਚਿਆ ਜਾ ਸਕੇ।
ਧਮਕੀ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਪੁਲਿਸ ਕਮਿਸ਼ਨਰ ਨੂੰ ਪੱਤਰ ਭੇਜ ਕੇ ਪੂਰੇ ਮਾਮਲੇ ਤੋਂ ਜਾਣੂ ਕਰਵਾਇਆ। ਪੱਤਰ ਵਿੱਚ ਜੱਜਾਂ, ਕੋਰਟ ਸਟਾਫ਼, ਵਕੀਲਾਂ ਅਤੇ ਕੰਪਲੈਕਸ ਵਿੱਚ ਮੌਜੂਦ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਅਦਾਲਤੀ ਇਮਾਰਤ ਦੀ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।


Click it and Unblock the Notifications
